My blog
Punjab

ਪੰਜਾਬ ਕਾਂਗਰਸ ਦਾ ਰਵੀਦਾਸ ਭਾਈਚਾਰੇ ਨੂੰ ਸਮਰਥਨ, ਕੀਤੀ ਖਾਸ ਅਪੀਲ

 ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੰਦਰ ਤੋੜਨ ਦੇ ਮੁੱਦੇ ‘ਤੇ ਰਵਿਦਾਸ ਭਾਈਚਾਰੇ ਨੂੰ ਪਾਰਟੀ ਵੱਲੋਂ ਸਮਰਥਨ ਦਿੰਦਿਆਂ ਉਨ੍ਹਾਂ ਦੇ ਪ੍ਰਦਰਸ਼ਨਾਂ ਦੌਰਾਨ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਣ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਇੱਥੋਂ ਜਾਰੀ ਇਕ ਬਿਆਨ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਪਾਰਟੀ ਭਾਈਚਾਰੇ ਨਾਲ ਖੜ੍ਹੀ ਹੈ ਅਤੇ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਦਿੱਲੀ ‘ਚ ਤੋੜੇ ਗਏ ਮੰਦਰ ਲਈ ਉਹੀ ਇਤਿਹਾਸਕ ਸਥਾਨ ਮੁੜ ਅਲਾਟ ਕਰਨ ਅਤੇ ਮੰਦਰ ਦੇ ਮੁੜ ਨਿਰਮਾਣ ਦੇ ਮਾਮਲੇ ਪੈਰਵੀ ਲਈ ਹਰ ਸੰਭਵ ਢੰਗ ਨਾਲ ਸਹਿਯੋਗ ਦਿੱਤਾ ਜਾਵੇਗਾ।

ਇਸ ਦੇ ਨਾਲ ਲੋਕ ਹਿੱਤ ‘ਚ ਉਨ੍ਹਾਂ ਨੇ ਇਨਾਂ ਪ੍ਰਦਰਸ਼ਨਾਂ ਦੀ ਅਗਵਾਈ ਕਰ ਰਹੀ ਸ੍ਰੀ ਗੁਰੂ ਰਵਿਦਾਸ ਜੈਅੰਤੀ ਸਮਾਰੋਹ ਸੰਮਤੀ ਨੂੰ ਸੜਕਾਂ ਅਤੇ ਮਾਰਗ ਨਾ ਰੋਕਣ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਨਾਲ ਰਾਹਗੀਰਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਜਾਖੜ ਦਾ ਇਹ ਬਿਆਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨ ਮੰਤਰੀ ਪਾਸੋਂ ਮਸਲੇ ਦੇ ਹੱਲ ਦੀ ਮੰਗ ਕਰਨ ਅਤੇ ਕੇਸ ਦੀ ਪੈਰਵੀ ਲਈ ਭਾਈਚਾਰੇ ਨੂੰ ਕਾਨੂੰਨੀ ਅਤੇ ਵਿੱਤੀ ਸਹਾਇਤਾ ਦੇਣ ਦੇ ਦਿੱਤੇ ਭਰੋਸੇ ਤੋਂ ਪਿੱਛੋਂ ਆਇਆ ਹੈ। ਮੁੱਖ ਮੰਤਰੀ ਨੇ ਐਤਵਾਰ ਨੂੰ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਗੱਲਬਾਤ ਕਰਕੇ ਇਸ ਮਾਮਲੇ ਦਾ ਸ਼ਾਂਤਮਈ ਨਿਪਟਾਰਾ ਕਰਨ ਲਈ ਮਦਦ ਕਰਨ ਵਾਸਤੇ ਆਖਿਆ ਸੀ ਕਿਉਂ ਜੋ ਇਸ ਨਾਲ ਰਵਿਦਾਸ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਮਾਮਲੇ ਨੂੰ ਸੁਖਾਵੇਂ ਢੰਗ ਨਾਲ ਭਾਈਚਾਰੇ ਦੇ ਹੱਕ ਵਿੱਚ ਸੁਲਝਾਉਣ ਨੂੰ ਯਕੀਨੀ ਬਣਾਉਣ ਵਾਸਤੇ ਵਚਨਬੱਧ ਹੈ ਜੋ 500 ਸਾਲ ਤੋਂ ਦਿੱਲੀ ਦੇ ਪਿੰਡ ਤੁਗਲਕਾਬਾਦ ਵਿੱਚ ਸਥਿਤ ਸ੍ਰੀ ਗੁਰੂ ਰਵਿਦਾਸ ਮੰਦਰ ਅਤੇ ਸਮਾਧੀ ਭਾਈਚਾਰੇ ਦਾ ਪੂਜਣਯੋਗ ਸਥਾਨ ਹੈ। ਉਨਾਂ ਕਿਹਾ ਕਿ ਇਸ ਸਥਾਨ ਦੀ ਬਹਾਲੀ ਅਤੇ ਮੰਦਰ ਤੇ ਹੋਰ ਸਬੰਧਤ ਢਾਂਚੇ ਦੇ ਮੁੜ ਨਿਰਮਾਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਭਾਈਚਾਰੇ ਦੇ ਸੰਘਰਸ਼ ਦਾ ਸਾਥ ਦੇਵੇਗੀ। ਜਾਖੜ ਨੇ ਭਾਈਚਾਰੇ ਦੇ ਹੱਕ ਵਿੱਚ ਖੜਨ ਅਤੇ ਕੇਂਦਰ ਸਰਕਾਰ ਕੋਲ ਮਾਮਲਾ ਉਠਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਮੂਲ ਢਾਂਚੇ ਦੀ ਬਹਾਲੀ ਨੂੰ ਯਕੀਨੀ ਬਣਾਉਣ ਲਈ ਕਾਂਗਰਸੀ ਪਾਰਟੀ ਇਸ ਮਾਮਲੇ ਦੀ ਸ਼ਿੱਦਤ ਨਾਲ ਪੈਰਵੀ ਕਰੇਗੀ।
ਸ੍ਰੀ ਗੁਰੂ ਰਵਿਦਾਸ ਜੀ ਨਾਲ ਜੁੜੀਆਂ ਕਥਾਵਾਂ ਮੁਤਾਬਕ ਉਹਨਾਂ ਨੇ ਸਾਲ 1509 ਦੇ ਲਗਪਗ ਸ਼ਾਸਕ ਸਿਕੰਦਰ ਲੋਧੀ ਦੀ ਹਕੂਮਤ ਦੌਰਾਨ ਇਸ ਸਥਾਨ ਦੀ ਯਾਤਰਾ ਕੀਤੀ ਸੀ। ਜਾਖੜ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਭਾਈਚਾਰੇ ਦੀ ਇਸ ਸਥਾਨ ਪ੍ਰਤੀ ਧਾਰਮਿਕ ਸਾਂਝ ਹੈ ਅਤੇ ਉਨਾਂ ਨੂੰ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਇਸ ਮਸਲੇ ਨੂੰ ਸੁਖਾਵੇਂ ਮਾਹੌਲ ਵਿੱਚ ਸੁਲਝਾਉਣ ਲਈ ਸੂਬਾ ਸਰਕਾਰ ਵੱਲੋਂ ਉਨ੍ਹਾਂ ਦੇ ਦਖ਼ਲ ਦੀ ਕੀਤੀ ਮੰਗ ਨੂੰ ਸਵੀਕਾਰ ਕਰੇਗੀ।

Related posts

ਜਲੰਧਰ ਦੀ ਪ੍ਰਭਲੀਨ ਕੌਰ ਦਾ ਅੰਤਿਮ ਸੰਸਕਾਰ ਕੈਨੇਡਾ ‘ਚ ਹੀ ਹੋਵੇਗਾ

Manpreet Kaur

ਬੀਬੀ ਜਗੀਰ ਕੌਰ ਨੇ ਕੈਪਟਨ ਨੂੰ ਪਾਇਆ ਸਿਰੋਪਾਓ

Manpreet Kaur

ਡੇਰਾ ਬਾਬਾ ਨਾਨਕ ਕਸਬੇ ਦੀ ਬਿਜਲੀ ਵਿਭਾਗ ਬਦਲੇਗੀ ਨੁਹਾਰ

admin

Leave a Comment