ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿਚ ਨਸ਼ਿਆਂ ਦੀ ਓਵਰਡੋਜ਼ ਨਾਲ ਰੋਜ਼ਾਨਾ 6 ਮੌਤਾਂ ਹੋ ਰਹੀਆਂ ਹਨ ਅਤੇ ਮੌਜੂਦਾ ਵਰ੍ਹੇ ਦੇ ਪਹਿਲੇ ਛੇ ਮਹੀਨੇ ਦੌਰਾਨ 1,158 ਜਣਿਆਂ ਨੇ ਜਾਨ ਗਵਾਈ। ਬੀ.ਸੀ. ਕੌਰੋਨਰਜ਼ ਸਰਵਿਸ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਮਈ ਮਹੀਨੇ ਦੌਰਾਨ 181 ਜਣਿਆਂ ਦੀ ਜਾਨ ਗਈ ਅਤੇ ਜੂਨ ਵਿਚ 185 ਜਣਿਆਂ ਨੇ ਦਮ ਤੋੜਿਆ। ਭਾਵੇਂ ਕੁਲ ਮਿਲਾ ਕੇ ਪਿਛਲੇ ਸਾਲ ਦੇ ਮੁਕਾਬਲੇ ਮੌਤਾਂ ਦੀ ਗਿਣਤੀ 9 ਫ਼ੀਸਦੀ ਘਟੀ ਹੈ ਪਰ ਨਸ਼ਿਆਂ ਕਾਰਨ ਜਾਨ ਗਵਾਉਣ ਵਾਲੀਆਂ ਔਰਤਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ।
ਕਾਰਜਕਾਰੀ ਚੀਫ ਕੌਰੋਨਰ ਜੌਹਨ ਮੈਕਨਮੀ ਦਾ ਕਹਿਣਾ ਸੀ ਕਿ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਕਿਸੇ ਤ੍ਰਾਸਦੀ ਤੋਂ ਘੱਟ ਨਹੀਂ। ਮਈ ਅਤੇ ਜੂਨ ਦੌਰਾਨ ਜਾਨ ਗਵਾਉਣ ਵਾਲਿਆਂ ਵਿਚੋਂ ਅੱਧੇ 30 ਸਾਲ ਤੋਂ 49 ਸਾਲ ਉਮਰ ਵਾਲੇ ਸਨ। ਮੌਜੂਦਾ ਵਰ੍ਹੇ ਦੌਰਾਨ 72 ਫ਼ੀਸਦੀ ਪੁਰਸ਼ਾਂ ਨੇ ਜਾਨ ਗਵਾਈ ਜਦਕਿ ਔਰਤਾਂ ਦੀ ਗਿਣਤੀ 28 ਫ਼ੀਸਦੀ ਦਰਜ ਕੀਤੀ ਗਈ। ਸਭ ਤੋਂ ਜ਼ਿਆਦਾ ਜਾਨੀ ਨੁਕਸਾਨ ਫੈਂਟਾਨਿਲ ਕਰ ਕੇ ਹੋਇਆ ਅਤੇ 82 ਫ਼ੀਸਦੀ ਟੈਸਟਾਂ ਵਿਚ ਇਹ ਨਸ਼ਾ ਮਿਲਿਆ। ਹੈਰਾਨੀ ਇਸ ਗੱਲ ਦੀ ਹੈ ਕਿ ਨਸ਼ਿਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਘੱਟੋ ਘੱਟ ਉਮਰ 10 ਸਾਲ ਤੱਕ ਪੁੱਜ ਚੁੱਕੀ ਹੈ ਜਦਕਿ 59 ਸਾਲ ਦੀ ਉਮਰ ਵਾਲੇ ਵੀ ਇਸ ਖਤਰੇ ਦੇ ਘੇਰੇ ਵਿਚ ਆਉਂਦੇ ਹਨ।
ਬੀ.ਸੀ. ਵਿਚ ਕਤਲ ਦੀਆਂ ਵਾਰਦਾਤਾਂ, ਖੁਦਕੁਸ਼ੀਆਂ, ਸੜਕ ਹਾਦਸਿਆਂ ਅਤੇ ਕੁਦਰਤੀ ਬਿਮਾਰੀਆਂ ਕਾਰਨ ਐਨੇ ਲੋਕਾਂ ਦੀ ਮੌਤ ਨਹੀਂ ਹੁੰਦੀ ਜਿੰਨੀ ਨਸ਼ਿਆਂ ਦੀ ਓਵਰਡੋਜ਼ ਕਾਰਨ ਹੋ ਰਹੀ ਹੈ। ਔਰਤਾਂ ਦੀ ਮੌਤ ਦਾ ਅੰਕੜਾ ਸਾਲ 2020 ਮਗਰੋਂ ਤਕਰੀਬਨ ਦੁੱਗਣਾ ਹੋ ਗਿਆ ਹੈ। ਚਾਰ ਸਾਲ ਪਹਿਲਾਂ ਇਕ ਲੱਖ ਦੀ ਵਸੋਂ ਪਿੱਛੇ 13 ਔਰਤਾਂ ਦੀ ਮੌਤ ਹੋ ਰਹੀ ਸੀ ਜਦਕਿ ਇਸ ਵੇਲੇ ਇਕ ਲੱਖ ਪਿੱਛੇ 23 ਔਰਤਾਂ ਦੀ ਜਾਨ ਜਾ ਰਹੀ ਹੈ। ਬੀ.ਸੀ. ਦੀ ਮੈਂਟਲ ਹੈਲਥ ਅਤੇ ਐਡਿਕਸ਼ਨਜ਼ ਮਾਮਲਿਆਂ ਬਾਰੇ ਮੰਤਰੀ ਜੈਨੀਫਰ ਵਾਈਟਸਾਈਡ ਵੱਲੋਂ ਤਾਜ਼ਾ ਅੰਕੜਿਆਂ ਨੂੰ ਖ਼ਤਰਨਾਕ ਕਰਾਰ ਦਿਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਤੋਂ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਦੇ ਨਾਲ ਹੀ ਸੰਪਰਕ ਦੇ ਵਧੇਰੇ ਤਰੀਕਿਆਂ ਦੀ ਭਾਲ ਵੀ ਕੀਤੀ ਜਾ ਰਹੀ ਹੈ ਤਾਂਕਿ ਜ਼ਰੂਰਤ ਮਹਿਸੂਸ ਹੋਣ ’ਤੇ ਲੋਕਾਂ ਦੀ ਸੰਭਾਲ ਕੀਤੀ ਜਾ ਸਕੀ।
ਸੂਬੇ ਵਿਚ ਅੱਠ ਸਾਲ ਪਹਿਲਾਂ ਪਬਲਿਕ ਹੈਲਥ ਐਮਰਜੈਂਸੀ ਐਲਾਨੇ ਜਾਣ ਮਗਰੋਂ ਤਕਰੀਬਨ 15 ਹਜ਼ਾਰ ਜਾਨਾਂ ਜਾ ਚੁੱਕੀਆਂ ਹਨ। ਇਥੇ ਦੱਸਣਾ ਬਣਦਾ ਹੈ ਕਿ ਬ੍ਰਿਟਿਸ਼ ਕੋਲੰਬੀਆ ਕੌਰੋਨਰਜ਼ ਸਰਵਿਸ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ ਮਹੀਨੇ ਦੌਰਾਨ 182 ਜਣਿਆਂ ਦੀ ਮੌਤ ਹੋਈ ਅਤੇ ਇਹ ਅੰਕੜਾ ਅਪ੍ਰੈਲ 2023 ਦੇ ਮੁਕਾਬਲੇ 24 ਫ਼ੀਸਦੀ ਘੱਟ ਬਣਦਾ ਹੈ। ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਕੁਝ ਲੋਕ ਓਵਰਡੋਜ਼ ਦੇ ਅਸਰ ਤੋਂ ਬਚ ਜਾਂਦੇ ਹਨ ਪਰ ਦਿਮਾਗ ਨੂੰ ਐਨਾ ਜ਼ਿਆਦਾ ਨੁਕਸਾਨ ਪੁੱਜਦਾ ਹੈ ਕਿ ਸਬੰਧਤ ਸ਼ਖਸ ਦੀ ਜ਼ਿੰਦਗੀ ਬਦਲ ਜਾਂਦੀ ਹੈ। ਪਿਛਲੇ ਸਾਲ 612 ਮਰੀਜ਼ ਅਜਿਹੇ ਰਹੇ ਜਿਨ੍ਹਾਂ ਨੂੰ 10 ਵਾਰ ਤੋਂ ਵੱਧ ਐਮਰਜੈਂਸੀ ਰੂਮ ਜਾਣਾ ਪਿਆ ਜਦਕਿ ਇਕ ਸ਼ਖਸ 180 ਵਾਰ ਐਮਰਜੈਂਸੀ ਰੂਮ ਗਿਆ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੇ ਮੱਦੇਨਜ਼ਰ DGP ਨੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
OTT Year-Ender 2024 : Amar Singh Chamkila ਤੋਂ Maharaj ਤੱਕ, ਇਹ 10 ਫਿਲਮਾਂ ਰਹੀਆਂ ਓਟੀਟੀ ਪਲੇਟਫਾਰਮ 'ਤੇ ਮੋਹਰੀ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ 93 ਸਾਲ ਦੀ ਉਮਰ ਵਿੱਚ ਦੇਹਾਂਤ