ਚੋਪੜਾ ਦੀ ਹੌਸਲਾ-ਅਫਜ਼ਾਈ ਲਈ 22,000 ਕਿ. ਮੀ. ਦੀ ਦੂਰੀ ਤੈਅ ਕਰ ਕੇ ਕੇਰਲਾ ਤੋਂ ਪੈਰਿਸ ਪਹੁੰਚਿਆ ਸਾਈਕਲਿਸਟ
ਪੈਰਿਸ– ਭਾਰਤ ਦੇ ਸਟਾਰ ਐੈਥਲੀਟ ਨੀਰਜ ਚੋਪੜਾ ਨੂੰ ਪੈਰਿਸ ਓਲੰਪਿਕ ਵਿਚ ਇਕ ਬੇਹੱਦ ਹੀ ਖਾਸ ਪ੍ਰਸ਼ੰਸਕ ਮਿਲੇਗਾ ਜਿਹੜਾ ਕੇਰਲਾ ਤੋਂ ਸਾਈਕਲ ਚਲਾ ਕੇ ਲੱਗਭਗ 2 ਸਾਲ ਵਿਚ ਫਰਾਂਸ ਦੀ ਰਾਜਧਾਨੀ ਵਿਚ ਪਹੁੰਚਿਆ ਹੈ। ਫਾਯਿਮ ਅਸ਼ਰਫ ਅਲੀ ਨਾਂ ਦੇ ਇਸ ਪ੍ਰਸ਼ੰਸਕ ਨੇ 15 ਅਗਸਤ 2022 ਵਿਚ ਕੇਰਲਾ ਦੇ ਕਾਲੀਕਟ ਤੋਂ ਪੈਰਿਸ ਲਈ ਆਪਣੀ ਸਾਈਕਲ ਯਾਤਰਾ ਸ਼ੁਰੂ ਕੀਤੀ ਸੀ। ਉਹ ਲੱਗਭਗ 22,000 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੌਰਾਨ 30 ਦੇਸ਼ਾਂ ਦੀ ਯਾਤਰਾ ਕਰ ਕੇ ਪੈਰਿਸ ਪਹੁੰਚਿਆ ਹੈ।
ਅਲੀ ‘ਸ਼ਾਂਤੀ ਤੇ ਏਕਤਾ’ ਦੇ ਸੰਦੇਸ਼ ਦੇ ਨਾਲ ਭਾਰਤ ਤੋਂ ਲੰਡਨ ਤਕ ਸਾਈਕਲ ਚਲਾਉਣ ਦੇ ਮਿਸ਼ਨ ’ਤੇ ਨਿਕਲਿਆ ਸੀ। ਇਸ ਦੌਰਾਨ 17 ਦੇਸ਼ਾਂ ਵਿਚ ਸਾਈਕਲ ਚਲਾਉਣ ਤੋਂ ਬਾਅਦ ਜਦੋਂ ਉਹ ਪਿਛਲੇ ਸਾਲ 1 ਅਗਸਤ ਦੀ ਦੁਪਹਿਰ ਨੂੰ ਬੁਡਾਪੇਸਟ ਵਿਚ ਰੁਕਿਆ ਸੀ ਤਾਂ ਉਸ ਨੂੰ ਪਤਾ ਲੱਗਾ ਕਿ ਟੋਕੀਓ ਓਲੰਪਿਕ ਦਾ ਸੋਨ ਤਮਗਾ ਜੇਤੂ ਜੈਵਲਿਨ ਖਿਡਾਰੀ ਉੱਥੇ ਰੁਕਿਆ ਹੈ। ਚੋਪੜਾ ਵਿਸ਼ਵ ਚੈਂਪੀਅਨਸ਼ਿਪ ਲਈ ਖਿਡਾਰੀਆਂ ਦਲ ਦੇ ਨਾਲ ਉੱਥੇ ਸੀ। ਅਲੀ ਨੇ ਕੇਰਲ ਦੇ ਇਕ ਮੰਨੇ-ਪ੍ਰਮੰਨੇ ਕੋਚ ਨੂੰ ਫੋਨ ਕਰ ਕੇ ਭਾਰਤੀ ਦਲ ਨਾਲ ਮਿਲਣ ਦੀ ਮੰਗ ਕੀਤੀ ਤੇ ਤਦ ਉਸ ਨੂੰ ਆਪਣੇ ਚਹੇਤੇ ਖੇਡ ਸਿਤਾਰੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀ।