ਪਟਿਆਲਾ ’ਚ ਕੂੜੇ ਦੇ ਢੇਰ ’ਚੋਂ ਮਿਲੇ 7 ਰਾਕੇਟ
ਪਟਿਆਲਾ, 10 ਫਰਵਰੀ : ਇਥੇ ਰਾਜਪੁਰਾ ਰੋਡ ’ਤੇ ਸਥਿਤ ਆਤਮਾ ਰਾਮ ਕੁਮਾਰ ਸਭਾ ਸਕੂਲ ਦੇ ਗਰਾਊਂਡ ਨੇੜਿਉਂ ਕੂੜੇ ਦੇ ਢੇਰ ਵਿਚੋਂ ਰਾਕੇਟ ਦੇ 7 ਖੋਲ ਮਿਲੇ ਹਨ। ਡੀਆਈਜੀ (ਪਟਿਆਲਾ ਰੇਂਜ) ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਰਾਕੇਟਾਂ ’ਚ ਕੋਈ ਬਾਰੂਦ ਨਹੀਂ ਹੈ। ਢੇਰ ’ਚੋਂ ਦੋ ਬੰਬ ਵੀ ਮਿਲੇ ਹਨ। ਰਾਕੇਟ ਲਾਂਚਰਾਂ ਦੀ ਇਤਲਾਹ ਮਿਲਣ ’ਤੇ ਐੱਸਐੱਸਪੀ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਪੁੱਜੀ ਪੁਲੀਸ ਫੋਰਸ ਨੇ ਹਾਲਾਤ ਦਾ ਜਾਇਜ਼ਾ ਲੈਂਦਿਆਂ ਹਥਿਆਰ ਕਬਜ਼ੇ ’ਚ ਲੈ ਲਏ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਰਾਕੇਟ ਨਸ਼ਟ ਕਰਵਾਉਣ ਲਈ ਫੌਜ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜਿਸ ਥਾਂ ਤੋਂ ਰਾਕੇਟ ਮਿਲੇ ਹਨ, ਉਥੇ ਨੇੜੇ ਹੀ ਪਾਣੀ ਵਾਲੀ ਟੈਂਕੀ ਉਸਾਰੀ ਜਾ ਰਹੀ ਹੈ। ਇਸ ਦੌਰਾਨ ਕਿਸੇ ਮਜ਼ਦੂਰ ਦੀ ਉਨ੍ਹਾਂ ’ਤੇ ਨਿਗਾਹ ਪਈ। ਰਾਕੇਟ ਇੱੱਕ ਥੈਲੇ ’ਚ ਰੱਖੇ ਹੋਏ ਸਨ। ਇਲਾਕੇ ਦੇ ਡੀਐੱਸਪੀ ਸਤਿਨਾਮ ਸਿੰਘ ਨੇ ਇਹ ਮਾਮਲਾ ਐੱਸਐੱਸਪੀ ਦੇ ਧਿਆਨ ’ਚ ਲਿਆਂਦਾ, ਜਿਨ੍ਹਾਂ ਬੰਬ ਨਕਾਰਾ ਦਸਤੇ ਨੂੰ ਸੱਦ ਕੇ ਰਾਕੇਟਾਂ ਦੀ ਜਾਂਚ ਕਰਵਾਈ। ਦਸਤੇ ਨੇ ਰਾਕੇਟ ਪੀਆਰਟੀਸੀ ਦੀ ਵਰਕਸ਼ਾਪ ਨੇੜੇ ਖੁੱਲ੍ਹੀ ਥਾਂ ’ਚ ਰੱਖ ਦਿੱਤੇ ਹਨ। ਐੱਸਐੱਸਪੀ ਡਾ. ਨਾਨਕ ਸਿੰਘ ਨੇ ਕਿਹਾ ਕਿ ਰਾਕੇਟ ਲਾਂਚਰਾਂ ਦੀ ਵਿਸਥਾਰ ਨਾਲ ਜਾਂਚ ਕਰਨ ਲਈ ਫੌਜ ਨਾਲ ਰਾਬਤਾ ਬਣਾਇਆ ਜਾ ਰਿਹਾ ਹੈ। ਮੁੱਢਲੀ ਜਾਣਕਾਰੀ ਮੁਤਾਬਕ ਰਾਕੇਟ ਲਾਂਚਰ ਕਿਸੇ ਕਬਾੜੀਏ ਦੇ ਹੱਥ ਲੱਗੇ ਸਨ ਜੋ ਬਾਅਦ ’ਚ ਉਨ੍ਹਾਂ ਨੂੰ ਕੂੜੇ ਦੇ ਢੇਰ ’ਤੇ ਸੁੱਟ ਗਿਆ ਹੋਵੇਗਾ। ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਪੁਲੀਸ ਵੱਲੋਂ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਵੱਲੋਂ ਆਸ-ਪਾਸ ਦੇ ਇਲਾਕਿਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਖੰਗਾਲਣ ਦਾ ਫ਼ੈਸਲਾ ਲਿਆ ਗਿਆ ਹੈ। ਉਧਰ ਇਸ ਸਬੰਧੀ ਥਾਣਾ ਲਾਹੌਰੀ ਗੇਟ ਪਟਿਆਲਾ ਦੀ ਪੁਲੀਸ ਵੱਲੋਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।