Aam Aadmi Party ਦੇ ਆਗੂ ਗਗਨਦੀਪ ਸਿੰਘ ਉਰਫ ਐਪਲ ਦਾ ਕਾਰਾ ! ਨਕਲੀ ਪੁਲਿਸ ਅਫਸਰ ਬਣ ਕੇ ਦੂਜੀ ਸਟੇਟ ਤੋਂ ਅਗਵਾ ਕਰ ਲਿਆਂਦੇ 3 ਵਿਅਕਤੀ
ਲੁਧਿਆਣਾ ’ਚ ਆਮ ਆਦਮੀ ਪਾਰਟੀ ਦੇ ਆਗੂ ਗਗਨਦੀਪ ਸਿੰਘ ਉਰਫ ਐਪਲ ਵੱਲੋਂ ਬਹੁਤ ਹੀ ਵੱਡਾ ਕਾਰਨਾਮਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਹ ਨੌਜਵਾਨ ਨਕਲੀ ਪੁਲਿਸ ਅਫਸਰ ਬਣ ਕੇ ਸਾਥੀਆਂ ਸਮੇਤ ਦੂਜੀ ਸਟੇਟ ਜਾ ਕੇ ਤਿੰਨ ਬੰਦਿਆਂ ਨੂੰ ਸਾਈਬਰ ਠੱਗੀ ਦੇ ਇਲਜ਼ਾਮ ਹੇਠ ਪੰਜਾਬ ਲੈ ਆਏ ਅਤੇ ਉਹਨਾਂ ਨੂੰ ਅਗਵਾ ਕਰਕੇ ਲੱਖਾਂ ਰੁਪਏ ਦੀ ਠੱਗੀ ਮਾਰੀ ਇਨ੍ਹਾਂ ਹੀ ਨਹੀਂ ਇਸ ਪੂਰੇ ਕਾਰਨਾਮੇ ’ਚ ਆਮ ਆਦਮੀ ਪਾਰਟੀ ਆਗੂ ਦੇ ਨਾਲ ਦੋ ਅਸਲੀ ਪੁਲਿਸ ਵਾਲੇ ਵੀ ਸ਼ਾਮਿਲ ਸਨ ਜੋ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਜਿਨ੍ਹਾਂ ਚੋਂ ਇੱਕ ਏਐਸਆਈ ਅਤੇ ਦੂਜਾ ਹੈੱਡ ਕਾਂਸਟੇਬਲ ਹੈ। ਇਸ ਪੂਰੇ ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਪੂਰੇ ਮਹਿਕਮੇ ’ਚ ਹੜਕੰਪ ਮਚ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਦੋ ਪੁਲਿਸ ਵਾਲਿਆਂ ਸਮੇਤ ਛੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਇਹ ਮਾਮਲਾ ਖੰਨੇ ਦੇ ਵਿੱਚ ਦਰਜ ਕੀਤਾ ਗਿਆ ਹੈ। ਗਗਨਦੀਪ ਸਿੰਘ ਉਰਫ ਐਪਲ ਹਲਕਾ ਦੱਖਣੀ ਐਮਐਲਏ ਰਜਿੰਦਰ ਪਾਲ ਕੌਰ ਛੀਨਾ ਦਾ ਖਾਸਮ ਖਾਸ ਹੈ। ਦੱਸ ਦਈਏ ਕਿ ਮੁਲਜ਼ਮਾਂ ਦੀ ਪਛਾਣ ਆਮ ਆਦਮੀ ਪਾਰਟੀ ਆਗੂ ਗਗਨਦੀਪ ਸਿੰਘ ਉਰਫ ਐਪਲ ਜੋ ਕਿ ਜੁਝਾਰ ਨਗਰ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ ਅਤੇ ਏਐਸਆਈ ਕੁਲਦੀਪ ਸਿੰਘ, ਹੈਡ ਕਾਂਸਟੇਬਲ ਬਲਵਿੰਦਰ ਸਿੰਘ, ਕਰਨਦੀਪ ਸਿੰਘ, ਮਨੀ ਅਤੇ ਇੱਕ ਨਾ ਮਾਲੂਮ ਵਿਅਕਤੀ ਦੇ ਰੂਪ ਵਿੱਚ ਹੋਈ ਹੈ। ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ ਦੇ ਮੁਤਾਬਕ ਹੈਡ ਕਾਂਸਟੇਬਲ ਬਲਵਿੰਦਰ ਸਿੰਘ ਜੋ ਕਿ ਥਰਡ ਆਈਆਰਬੀ ਵਿੱਚ ਤੈਨਾਤ ਹੈ ਉਸਨੇ ਖੰਨਾ ਪੁਲਿਸ ਦੇ ਐਸਆਈ ਨੂੰ ਇੱਕ ਸਾਈਬਰ ਧੋਖਾਧੜੀ ਦੀ ਵੱਡੀ ਵਾਰਦਾਤ ਬਾਰੇ ਦੱਸਣ ਦੀ ਗੱਲ ਆਖੀ। ਜਿਸਨੇ ਕਿਹਾ ਕਿ ਦਿੱਲੀ ਵਿਖੇ ਕਾਲ ਸੈਂਟਰ ਚਲਦਾ ਹੈ ਜੋ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲੋਕਾਂ ਨਾਲ ਧੋਖਾਧੜੀ ਕਰਦੇ ਹਨ। ਜਿਨਾਂ ’ਤੇ ਰੇਡ ਕਰਕੇ ਕਾਫੀ ਵੱਡੇ ਧੋਖਾਧੜੀ ਦਾ ਖੁਲਾਸਾ ਹੋ ਸਕਦਾ ਹੈ। ਪਰ ਐਸਆਈ ਨੇ ਉਸਨੂੰ ਸਬੂਤ ਲਿਆਉਣ ਲਈ ਕਿਹਾ ਇਸ ਤੋਂ ਬਾਅਦ ਐਸਆਈ ਕਿਸੇ ਕੰਮ ਲਈ ਸਾਈਬਰ ਕ੍ਰਾਈਮ ਥਾਣੇ ਗਏ ਤਾਂ ਉਹਨਾਂ ਦੇਖਿਆ ਕਿ ਥਾਣੇ ਦੀ ਰਸੋਈ ’ਚ ਕਾਫੀ ਵਿਅਕਤੀ ਮੌਜੂਦ ਸਨ। ਜਿੰਨਾਂ ਵਿੱਚ ਏਐਸਆਈ ਕੁਲਦੀਪ ਸਿੰਘ, ਹੌਲਦਾਰ ਬਲਵਿੰਦਰ ਸਿੰਘ ਅਤੇ ਇੱਕ ਨਾਮਾਲੂਮ ਪੁਲਿਸ ਕਰਮਚਾਰੀ ਅਤੇ ਉਹਨਾਂ ਦੇ ਨਾਲ ਤਿੰਨ ਪ੍ਰਾਈਵੇਟ ਬੰਦੇ ਜਿਨ੍ਹਾਂ ਦੇ ਨਾਮ ਗਗਨਦੀਪ ਸਿੰਘ ਉਰਫ ਗਗਨ ਉਰਫ ਐਪਲ, ਕਰਨਦੀਪ ਸਿੰਘ ਅਤੇ ਮਨੀ ਪਤਾ ਲੱਗੇ ਇਹਨਾਂ ਦੇ ਨਾਲ ਹੀ ਤਿੰਨ ਬੰਦੇ ਜੋ ਕਿ ਇੱਕ ਤਰੁਣ ਅਗਰਵਾਲ, ਹੋਰਤ ਸ਼ਾਹ ਅਤੇ ਬੁਰਾਈ ਰਾਜ ਵੀ ਮੌਜੂਦ ਸਨ। ਪੁੱਛਗਿੱਛ ਕਰਨ ’ਤੇ ਪੁਲਿਸ ਮੁਲਾਜ਼ਮਾਂ ਨੇ ਐਸਆਈ ਨੂੰ ਦੱਸਿਆ ਕਿ ਇਹਨਾਂ ਬੰਦਿਆਂ ਨੂੰ ਅਸੀਂ ਦਿੱਲੀ ਨੋਇਡਾ ਤੋਂ ਲੈ ਕੇ ਆਏ ਹਾਂ। ਇਹ ਤਿੰਨੇ ਬੰਦੇ ਸਾਈਬਰ ਠੱਗੀ ਕਰਦੇ ਹਨ। ਪਰ ਜਦੋਂ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਚੱਲਿਆ ਕਿ ਜਿਨਾਂ ਤਿੰਨਾਂ ਨੂੰ ਠੱਗ ਦੱਸਿਆ ਜਾ ਰਿਹਾ ਸੀ ਉਹਨਾਂ ਨੂੰ ਬਾਕੀ ਸਾਰੇ ਮੁਲਜ਼ਮ ਅਗਵਾ ਕਰਕੇ ਲਿਆਏ ਸਨ ਅਤੇ ਉਹਨਾਂ ਕੋਲੋਂ ਪੈਸਿਆਂ ਦੀ ਜਬਰੀ ਮੰਗ ਕੀਤੀ ਗਈ ਸੀ ਇਸੇ ਦੌਰਾਨ ਤਿੰਨਾਂ ਦੇ ਵਿੱਚ ਇੱਕ ਕੋਲੋਂ 990 ਯੂਐਸ ਡਾਲਰ ਦੂਜੇ ਕੋਲੋਂ 3650 ਯੂਐਸ ਡਾਲਰ ਅਤੇ 1 ਲੱਖ ਰੁਪਏ ਦੇ ਮੈਜਿਕ ਪਿੰਨ ਐਪ ਤੋਂ ਗਿਫਟ ਕਾਰਡ ਲਏ ਗਏ ਸਨ। ਇਸ ਮਗਰੋਂ ਸਾਰੇ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕਰ ਲਈ ਗਈ। ਹਾਲਾਂਕਿ ਮਾਮਲਾ ਹਾਈ ਪ੍ਰੋਫਾਈਲ ਹੋਣ ਦੇ ਕਰਕੇ ਪੁਲਿਸ ਵੱਲੋਂ ਇਸ ਮਾਮਲੇ ਬਾਰੇ ਦਬਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਤਾਂ ਕਿ ਮਾਮਲਾ ਉਛਲ ਨਾ ਸਕੇ।