ਬੰਗਲਾਦੇਸ਼ 'ਚ ਤਖਤਾਪਲਟ ਤੋਂ ਬਾਅਦ ਸ਼ੇਖ ਹਸੀਨਾ ਨੇ ਛੱਡਿਆ ਦੇਸ਼, BSF ਨੇ ਜਾਰੀ ਕੀਤਾ ਅਲਰਟ
ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਗੁਆਂਢੀ ਦੇਸ਼ 'ਚ ਹੋਏ ਘਟਨਾਕ੍ਰਮ ਦੇ ਮੱਦੇਨਜ਼ਰ ਸੋਮਵਾਰ ਨੂੰ 4,096 ਕਿਲੋਮੀਟਰ ਲੰਬੀ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਆਪਣੀਆਂ ਸਾਰੀਆਂ ਇਕਾਈਆਂ ਨੂੰ 'ਹਾਈ ਅਲਰਟ' ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਬੀ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਦਲਜੀਤ ਸਿੰਘ ਚੌਧਰੀ ਅਤੇ ਹੋਰ ਸੀਨੀਅਰ ਕਮਾਂਡਰ ਸੁਰੱਖਿਆ ਸਥਿਤੀ ਦੀ ਸਮੀਖਿਆ ਕਰਨ ਲਈ ਕੋਲਕਾਤਾ ਪਹੁੰਚ ਗਏ ਹਨ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫ਼ੋਰਸ ਨੇ ਆਪਣੇ ਸਾਰੇ ਫੀਲਡ ਕਮਾਂਡਰਾਂ ਨੂੰ ਜ਼ਮੀਨ 'ਤੇ ਰਹਿਣ ਅਤੇ ਸਰਹੱਦ 'ਤੇ ਤਾਇਨਾਤ ਸਾਰੇ ਕਰਮਚਾਰੀਆਂ ਨੂੰ ਤੁਰੰਤ ਤਾਇਨਾਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ 'ਚ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪਿਛਲੇ ਕੁਝ ਹਫ਼ਤਿਆਂ 'ਚ ਬੰਗਲਾਦੇਸ਼ ਸਰਹੱਦ 'ਤੇ ਤਾਇਨਾਤ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਹੁਣ ਸਾਰੀਆਂ ਇਕਾਈਆਂ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਲਈ ਕਿਹਾ ਗਿਆ ਹੈ। ਬੀ.ਐੱਸ.ਐੱਫ. ਦੇਸ਼ ਦੇ ਪੂਰਬੀ ਹਿੱਸੇ 'ਚ ਭਾਰਤੀ ਸਰਹੱਦ ਦੀ ਰੱਖਿਆ ਕਰਦੀ ਹੈ, ਜੋ 5 ਸੂਬਿਆਂ ਤੋਂ ਹੋ ਕੇ ਲੰਘਦੀ ਹੈ। ਪੱਛਮੀ ਬੰਗਾਲ ਬੰਗਲਾਦੇਸ਼ ਨਾਲ ਕੁੱਲ 2,217 ਕਿਲੋਮੀਟਰ ਦੀ ਸਰਹੱਦ ਸਾਂਝੀ ਕਰਦਾ ਹੈ, ਇਸ ਤੋਂ ਇਲਾਵਾ ਤ੍ਰਿਪੁਰਾ (856 ਕਿਲੋਮੀਟਰ), ਮੇਘਾਲਿਆ (443 ਕਿਲੋਮੀਟਰ), ਆਸਾਮ (262 ਕਿਲੋਮੀਟਰ) ਅਤੇ ਮਿਜ਼ੋਰਮ (318 ਕਿਲੋਮੀਟਰ) ਦੀ ਸਰਹੱਦ ਵੀ ਬੰਗਲਾਦੇਸ਼ ਨਾਲ ਲੱਗਦੀ ਹੈ। ਕਈ ਸਮਾਚਾਰ ਰਿਪੋਰਟਾਂ ਅਨੁਸਾਰ ਬੰਗਲਾਦੇਸ਼ ਦੀ ਪ੍ਰਧਾਨਗੀ ਸ਼ੇਖ ਹਸੀਨਾ ਨੇ ਸੋਮਵਾਰ ਨੂੰ ਅਸਤੀਫ਼ਾ ਦੇ ਦਿੱਤਾ ਅਤੇ ਦੇਸ਼ ਛੱਡ ਦਿੱਤਾ। ਪਿਛਲੇ 2 ਦਿਨਾਂ 'ਚ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ 'ਚ 106 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਹਾਲਾਂਕਿ ਉਨ੍ਹਾਂ ਦੇ ਅਸਤੀਫ਼ੇ ਅਤੇ ਢਾਕਾ ਛੱਡਣ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।