Asian Champions Trophy from 3 August
ਭਾਰਤੀ ਪੁਰਸ਼ ਹਾਕੀ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਆਪਣੀ ਮੁਹਿੰਮ ਦਾ ਆਗਾਜ਼ ਚੀਨ ਖ਼ਿਲਾਫ਼ ਕਰੇਗੀ। ਇਹ ਟੂਰਨਾਮੈਂਟ ਚੇਨੱਈ ਵਿੱਚ 3 ਤੋਂ 12 ਅਗਸਤ ਤੱਕ ਖੇਡਿਆ ਜਾਵੇਗਾ। ਏਸ਼ੀਅਨ ਹਾਕੀ ਫੈਡਰੇਸ਼ਨ ਨੇ ਅੱਜ ਟੂਰਨਾਮੈਂਟ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਇੱਥੇ ਮੇਅਰ ਰਾਧਾਕ੍ਰਿਸ਼ਨਨ ਹਾਕੀ ਸਟੇਡੀਅਮ ’ਤੇ ਪਹਿਲੇ ਦਿਨ 3 ਅਗਸਤ ਨੂੰ ਖੇਡੇ ਜਾਣ ਵਾਲੇ ਮੈਚਾਂ ਦੇ ਆਖ਼ਰੀ ਮੁਕਾਬਲੇ ਵਿੱਚ ਮੇਜ਼ਬਾਨ ਭਾਰਤ ਅਤੇ ਚੀਨ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਬਾਅਦ ਮੇਜ਼ਬਾਨ ਟੀਮ 4 ਅਗਸਤ ਨੂੰ ਜਾਪਾਨ ਅਤੇ 6 ਅਗਸਤ ਨੂੰ ਮਲੇਸ਼ੀਆ ਖ਼ਿਲਾਫ਼ ਖੇਡੇਗੀ। ਇਸ ਤੋਂ ਅਗਲੇ ਦਿਨ ਬਾਅਦ ਭਾਰਤ ਦੀ ਟੱਕਰ ਕੋਰੀਆ ਨਾਲ ਹੋਵੇਗੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲੇ 9 ਅਗਸਤ ਨੂੰ ਹੋਵੇਗਾ। ਛੇ ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਦੱਖਣੀ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਾਪਾਨ, ਚੀਨ ਅਤੇ ਭਾਰਤ ਸ਼ਾਮਲ ਹਨ। ਸਾਰੀਆਂ ਟੀਮਾਂ ਇੱਕੋ ਪੂਲ ਵਿੱਚ ਹਨ ਅਤੇ ਉਨ੍ਹਾਂ ਦੀ ਸਥਿਤੀ ਦਾ ਫ਼ੈਸਲਾ ਅੰਕ ਸੂਚੀ ਦੇ ਆਧਾਰ ’ਤੇ ਕੀਤਾ ਜਾਵੇਗਾ। ਮੌਜੂਦਾ ਚੈਂਪੀਅਨ ਕੋਰੀਆ ਪਹਿਲੇ ਮੈਚ ਵਿੱਚ ਜਾਪਾਨ ਨਾਲ ਭਿੜੇਗਾ। ਸੈਮੀਫਾਈਨਲ ਮੁਕਾਬਲੇ 11 ਅਗਸਤ ਨੂੰ ਖੇਡੇ ਜਾਣਗੇ, ਜਦੋਂਕਿ ਫਾਈਨਲ 12 ਅਗਸਤ ਨੂੰ ਹੋਵੇਗਾ। ਭਾਰਤ (2011, 2016, 2018) ਅਤੇ ਪਾਕਿਸਤਾਨ (2012, 2013, 2018) ਤਿੰਨ ਵਾਰ ਖ਼ਿਤਾਬ ਜਿੱਤ ਚੁੱਕੇ ਹਨ।