ਭਾਜਪਾ ਸਰਕਾਰ ਮੁਸਲਮਾਨਾਂ ਦੀ ਕਰ ਰਹੀ ਹੈ ਮੌਬ-ਲਿੰਚਿੰਗ : ਰਾਹੁਲ
ਨਵੀਂ ਦਿੱਲੀ- ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਹਰਿਆਣਾ ਵਿਚ ਚਰਖੀ-ਦਾਦਰੀ ਤੇ ਮਹਾਰਾਸ਼ਟਰ ਵਿਚ ਧੂਲੇ ਦੀਆਂ ਘਟਨਾਵਾਂ ਨੂੰ ਲੈ ਕੇ ਭਾਜਪਾ ’ਤੇ ਤਿੱਖਾ ਹਮਲਾ ਕੀਤਾ ਹੈ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਨਫਰਤ ਨੂੰ ਸਿਆਸੀ ਹਥਿਆਰ ਵਜੋਂ ਵਰਤ ਕੇ ਸੱਤਾ ਦੀ ਪੌੜੀ 'ਤੇ ਚੜ੍ਹਨ ਵਾਲੇ ਪੂਰੇ ਦੇਸ਼ ’ਚ ਲਗਾਤਾਰ ਡਰ ਦਾ ਰਾਜ ਕਾਇਮ ਕਰ ਰਹੇ ਹਨ। ਭੀੜ ਦੇ ਰੂਪ ’ਚ ਲੁਕੇ ਨਫ਼ਰਤੀ ਅਨਸਰ ਕਾਨੂੰਨ ਦੇ ਰਾਜ ਨੂੰ ਚੁਣੌਤੀ ਦਿੰਦੇ ਹੋਏ ਖੁੱਲ੍ਹੇਆਮ ਹਿੰਸਾ ਫੈਲਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਭਾਜਪਾ ਸਰਕਾਰ ਨੇ ਖੁਲ੍ਹੀ ਛੁੱਟੀ ਦਿੱਤੀ ਹੋਈ ਹੈ, ਇਸੇ ਲਈ ਉਨ੍ਹਾਂ ’ਚ ਅਜਿਹਾ ਕਰਨ ਦੀ ਹਿੰਮਤ ਪੈਦਾ ਹੋਈ ਹੈ। ਇਸ ਲਈ ਘੱਟ ਗਿਣਤੀਆਂ ਖਾਸ ਕਰ ਕੇ ਮੁਸਲਮਾਨਾਂ ’ਤੇ ਹਮਲੇ ਲਗਾਤਾਰ ਜਾਰੀ ਹਨ। ਸਰਕਾਰੀ ਮਸ਼ੀਨਰੀ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ।ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਅਜਿਹੇ ਅਨਸਰਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕਰ ਕੇ ਕਾਨੂੰਨ ਦਾ ਰਾਜ ਕਾਇਮ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦੀ ਫਿਰਕੂ ਏਕਤਾ ਅਤੇ ਭਾਰਤ ਦੇ ਲੋਕਾਂ ਦੇ ਅਧਿਕਾਰਾਂ ’ਤੇ ਕੋਈ ਵੀ ਹਮਲਾ ਸੰਵਿਧਾਨ ’ਤੇ ਹਮਲਾ ਹੈ, ਜਿਸ ਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਭਾਜਪਾ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਨਫ਼ਰਤ ਵਿਰੁੱਧ ਭਾਰਤ ਨੂੰ ਇਕਜੁੱਟ ਕਰਨ ਦੀ ਇਸ ਇਤਿਹਾਸਕ ਲੜਾਈ ਨੂੰ ਅਸੀਂ ਹਰ ਹਾਲਤ ’ਚ ਜਿੱਤਾਂਗੇ।ਰਾਹੁਲ ਨੇ ਕਿਹਾ ਕਿ ਹਰਿਆਣਾ ਦੇ ਚਰਖੀ-ਦਾਦਰੀ ਜ਼ਿਲੇ ’ਚ ਪੱਛਮੀ ਬੰਗਾਲ ਦੇ ਇਕ ਪ੍ਰਵਾਸੀ ਮਜ਼ਦੂਰ ਸਾਬਿਰ ਮਲਿਕ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ 27 ਅਗਸਤ ਨੂੰ ਵਾਪਰੀ ਸੀ। ਉਦੋਂ ਗਊ ਰੱਖਿਅਕ ਦਲ ਦੇ ਲੋਕਾਂ ਨੇ ਬੀਫ ਖਾਣ ਵਾਲੇ ਵਿਅਕਤੀ ਦੀ ਕੁੱਟਮਾਰ ਕੀਤੀ ਸੀ। ਇਸ ਮਾਮਲੇ ’ਚ ਪੁਲਸ ਨੇ ਗਊ ਰੱਖਿਆ ਦਲ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਇਲਾਵਾ ਦੋ ਨਾਬਾਲਗ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਸੀ ਕਿ ਅਸੀਂ ਗਊ ਮਾਂ ਦੀ ਸੁਰੱਖਿਆ ਲਈ ਸਖ਼ਤ ਕਾਨੂੰਨ ਬਣਾਇਆ ਹੈ। ਇਸ ਲਈ ਕੋਈ ਸਮਝੌਤਾ ਨਹੀਂ ਪਰ ਲੋਕਾਂ ਦਾ ਗਊ ਮਾਂ ’ਚ ਭਰੋਸਾ ਹੈ। ਉਨ੍ਹਾਂ ਦੀਆਂ ਭਾਵਨਾਵਾਂ ਇਸ ਨਾਲ ਜੁੜੀਆਂ ਹੋਈਆਂ ਹਨ। ਜਦੋਂ ਅਜਿਹੀ ਸੂਚਨਾ ਮਿਲਦੀ ਹੈ ਤਾਂ ਪਿੰਡਾਂ ਦੇ ਲੋਕ ਪ੍ਰਤੀਕਿਰਿਆ ਦਿੰਦੇ ਹਨ। ਸੈਣੀ ਨੇ ਇਹ ਵੀ ਕਿਹਾ ਸੀ ਕਿ ਮੈਂ ਇਸ ਗੱਲ ’ਤੇ ਜ਼ੋਰ ਦਿੰਦਾ ਹਾਂ ਕਿ ਮੌਬ-ਲਿੰਚਿੰਗ ਦੀਆਂ ਅਜਿਹੀਆਂ ਘਟਨਾਵਾਂ ਮੰਦਭਾਗੀਆਂ ਹਨ ਤੇ ਨਹੀਂ ਹੋਣੀਆਂ ਚਾਹੀਦੀਆਂ। ਭੀੜ ਵੱਲੋਂ ਕੁੱਟ-ਕੁੱਟ ਕੇ ਕਤਲ ਵਰਗੀਆਂ ਗੱਲਾਂ ਕਹਿਣਾ ਸਹੀ ਨਹੀਂ ਹੈ।