ਵੱਡੀ ਖ਼ਬਰ : ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਹੋ ਗਿਆ ਫਰੀ
ਸਮਰਾਲਾ : ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸਮਰਾਲਾ ਦੇ ਪਿੰਡ ਘੁਲਾਲ ਸਥਿਤ ਟੋਲ ਪਲਾਜ਼ਾ ਨੂੰ ਟੋਲ ਦੇ ਮੁਲਾਜ਼ਮਾਂ ਨੇ ਫਰੀ ਕਰ ਦਿੱਤਾ ਹੈ। ਟੋਲ ਸਟਾਫ ਨੇ ਟੋਲ ਪਲਾਜ਼ਾ ਦੇ ਮੈਨੇਜਰ ਵੱਲੋਂ ਸਟਾਫ ਨੂੰ ਤਨਖਾਹ ਸਮੇਂ ਸਿਰ ਨਾ ਦੇਣ ਅਤੇ ਹੋਰ ਮੰਗਾਂ ਨੂੰ ਲੈ ਕੇ ਟੋਲ ਪਲਾਜ਼ਾ ਫਰੀ ਕੀਤਾ ਹੈ। ਇਸ ਧਰਨੇ ਵਿਚ ਟੋਲ ਪਲਾਜ਼ਾ ਸਟਾਫ ਨਾਲ ਬੀ. ਕੇ. ਯੂ. ਕਾਦੀਆਂ ਦੇ ਮੈਂਬਰ ਵੀ ਸ਼ਾਮਲ ਹੋਏ। ਧਰਨੇ ਵਿਚ ਘੁਲਾਲ ਟੋਲ ਪਲਾਜ਼ਾ ਦੀਆਂ ਲੜਕੀਆਂ ਸਮੇਤ 50 ਤੋਂ ਵੱਧ ਸਟਾਫ ਮੈਂਬਰ ਸ਼ਾਮਿਲ ਹੋਏ ਅਤੇ ਟੋਲ ਪਲਾਜ਼ਾ ਫਰੀ ਕਰਵਾ ਦਿੱਤਾ। ਟੋਲ ਪਲਾਜ਼ਾ ਸਟਾਫ ਵਲੋਂ ਧਰਨਾ ਲੱਗਣ ਤੋਂ ਪਹਿਲਾਂ ਹੀ ਟੋਲ ਦਾ ਮੈਨੇਜਰ ਛੁੱਟੀ ਲ਼ੈ ਕੇ ਚਲਾ ਗਿਆ ਅਤੇ ਨਵਾਂ ਮੈਨੇਜਰ ਡਿਊਟੀ 'ਤੇ ਆ ਗਿਆ। ਧਰਨਾਕਾਰੀ ਨੇ ਦੱਸਿਆ ਕਿ 6 ਅਕਤੂਬਰ ਨੂੰ ਘੁਲਾਲ ਟੋਲ ਪਲਾਜ਼ਾ 'ਤੇ ਨਵੀਂ ਕੰਪਨੀ ਆਈ ਸੀ ਅਤੇ ਨਵਾਂ ਮੈਨੇਜਰ ਵੀ ਆਇਆ ਜਿਸ ਤੋਂ ਬਾਅਦ ਟੋਲ ਪਲਾਜ਼ਾ ਦੇ ਸਮੂਹ ਸਟਾਫ ਨੂੰ ਮੈਨੇਜਰ ਵੱਲੋਂ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਸਾਨੂੰ ਸਮੇਂ ਸਿਰ ਤਨਖਾਹ ਨਹੀਂ ਦਿੱਤੀ ਜਾ ਰਹੀ, ਸਟਾਫ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ ਅਤੇ ਸਵਾਲ ਕਰਨ 'ਤੇ ਪੁਲਸ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਟੋਲ ਪਲਾਜ਼ਾ ਸਟਾਫ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਟੋਲ ਮੈਨੇਜਰ ਵੱਲੋਂ ਦੀਵਾਲੀ ਮੌਕੇ ਸਟਾਫ ਨੂੰ ਸਿਰਫ 500 ਰੁਪਏ ਦਿੱਤੇ ਗਏ ਜਦ ਕਿ ਹਰ ਸਾਲ ਦੀਵਾਲੀ 'ਤੇ ਸਟਾਫ ਨੂੰ ਵਧੀਆ ਬੋਨਸ ਕੰਪਨੀ ਵੱਲੋਂ ਮਿਲਦਾ ਹੈ। ਇਸ ਲਈ ਅਸੀਂ ਤੰਗ ਹੋ ਕੇ ਧਰਨਾ ਲਗਾਇਆ ਹੈ। ਇਹ ਧਰਨਾ ਉਦੋਂ ਤੱਕ ਚੱਲੇਗਾ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਣਗੀਆਂ।