ਪੰਜਾਬ ਦੇ ਮੁਲਾਜ਼ਮਾਂ ਦੀ ਸਮੂਹਿਕ ਛੁੱਟੀ ਨੂੰ ਲੈ ਕੇ ਵੱਡੀ ਅਪਡੇਟ, ਆ ਗਿਆ ਵੱਡਾ ਫ਼ੈਸਲਾ
ਲੁਧਿਆਣਾ (ਖੁਰਾਣਾ)- ਆਪਣੀਆਂ ਮੰਗਾਂ ਸਬੰਧੀ ਪਿਛਲੇ ਕਰੀਬ 4 ਦਿਨਾਂ ਤੋਂ ਸਮੂਹਿਕ ਛੁੱਟੀ ’ਤੇ ਚੱਲ ਰਹੇ ਵੱਖ-ਵੱਖ ਯੂਨੀਅਨਾਂ ਨਾਲ ਸਬੰਧਤ ਬਿਜਲੀ ਮੁਲਾਜ਼ਮਾਂ ਦੀ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਸਮੇਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ’ਚ ਬਣੀ ਆਪਸੀ ਸਹਿਮਤੀ ਤੋਂ ਬਾਅਦ ਬਿਜਲੀ ਯੂਨੀਅਨਾਂ ਦੇ ਨੇਤਾਵਾਂ ਵੱਲੋਂ ਕੰਮ ’ਤੇ ਵਾਪਸ ਪਰਤਣ ਦਾ ਐਲਾਨ ਕਰਦੇ ਹੋਏ ਦੇਰ ਰਾਤ ਨੂੰ ਹੜਤਾਲ ਖ਼ਤਮ ਕਰ ਦਿੱਤੀ ਗਈ ਹੈ।ਜਾਣਕਾਰੀ ਦਿੰਦੇ ਹੋਏ ਬਿਜਲੀ ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰ, ਪੀ. ਐੱਸ. ਈ. ਬੀ. ਇੰਪਲਾਈਜ਼ ਜੁਆਇੰਟ ਫੋਰਮ ਦੇ ਨੇਤਾਵਾਂ ਰਤਨ ਸਿੰਘ ਮਜਾਰੀ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬਲਪੁਰੀਆ ਅਤੇ ਰਣਜੀਤ ਸਿੰਘ ਢਿੱਲੋਂ ਆਦਿ ਨੇ ਦੱਸਿਆ ਕਿ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਸਬੰਧੀ ਚੰਡੀਗੜ੍ਹ ’ਚ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦੀ ਪ੍ਰਧਾਨਗੀ ਅਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੈਕਟਰੀ ਦੀ ਹਾਜ਼ਰੀ ਹੇਠ ਹੋਈ ਇਕ ਅਹਿਮ ਬੈਠਕ ਦੌਰਾਨ ਪਾਵਰ ਮੈਨੇਜਮੈਂਟ ਅਤੇ ਮੁਲਾਜ਼ਮਾਂ ਦਰਮਿਆਨ ਬਣੀ ਆਪਸੀ ਸਹਿਮਤੀ ਤੋਂ ਬਾਅਦ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਰਕੁੂਲਰ ਤੋਂ ਤੁਰੰਤ ਬਾਅਦ ਪੰਜਾਬ ਭਰ ’ਚ ਹੜਤਾਲ ’ਤੇ ਚੱਲ ਰਹੇ 20 ਹਜ਼ਾਰ ਦੇ ਕਰੀਬ ਬਿਜਲੀ ਮੁਲਾਜ਼ਮਾਂ ਵੱਲੋਂ ਹੜਤਾਲ ਨੂੰ ਖਤਮ ਕਰ ਕੇ ਕੰਮ ’ਤੇ ਵਾਪਸ ਪਰਤਣ ਦਾ ਫੈਸਲਾ ਕੀਤਾ ਗਿਆ ਹੈ।ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਮਹਿਦੂਦਾਂ ਸਮੇਤ ਪੰਜਾਬ ਨੇਤਾ ਵਧੀਕ ਐੱਸ. ਡੀ. ਓ. ਰਘੁਵੀਰ ਸਿੰਘ, ਰਛਪਾਲ ਸਿੰਘ ਪਾਲੀ ਅਤੇ ਪੈਨਸ਼ਨਰਸ ਯੂਨੀਅਨ ਦੇ ਕੇਵਲ ਸਿੰਘ ਨੇ ਦੱਸਿਆ ਕਿ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ., ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੈਨੇਜਮੈਂਟ ਵੱਲੋਂ ਜਾਰੀ ਕੀਤੇ ਗਏ ਸਰਕੂਲਰ ’ਚ ਬਿਜਲੀ ਮੁਲਾਜ਼ਮਾਂ ਦੀਆ ਜ਼ਿਆਦਾਤਰ ਮੰਗਾਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ, ਜਿਸ ਵਿਚ ਵਿਭਾਗ ਨਾਲ ਜੁੜੇ ਕੱਚੇ ਮੁਲਾਜ਼ਮਾਂ ਦੀ ਡਿਊਟੀ ਦੌਰਾਨ ਹੋਣ ਵਾਲੇ ਹਾਦਸੇ ਦੌਰਾਨ ਮੌਤ ਹੋਣ ’ਤੇ 20 ਲੱਖ ਰੁਪਏ ਅਤੇ ਸਾਰੇ ਮੁਲਾਜ਼ਮਾਂ ਨੂੰ 30 ਲੱਖ ਰੁਪਏ ਦਾ ਮੁਆਵਜ਼ਾ ਦੇਣ ’ਤੇ ਮੋਹਰ ਲਗਾ ਦਿੱਤੀ ਗਈ ਹੈ, ਜਦੋਂਕਿ ਇਸ ਤੋਂ ਇਲਾਵਾ ਕਈ ਹੋਰ ਗੱਲਾਂ ਨੂੰ ਲੈ ਕੇ ਦੋਵੇਂ ਧਿਰਾਂ ਵਿਚ ਸਹਿਮਤੀ ਬਣ ਗਈ ਹੈ। ਆਮ ਜਨਤਾ ਨੂੰ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਧਿਆਨ ’ਚ ਰੱਖਦੇ ਹੋਏ ਬਿਜਲੀ ਮੁਲਾਜ਼ਮਾਂ ਵੱਲੋਂ ਸਰਕਾਰ ਦੀ ਤਾਲ ਨਾਲ ਤਾਲ ਮਿਲਾਉਂਦੇ ਹੋਏ ਹੜਤਾਲ ਵਾਪਸ ਲੈਣ ਦਾ ਫ਼ੈਸਲਾ ਲਿਆ ਹੈ।