ਇੰਫਾਲ- ਮਣੀਪੁਰ 'ਚ ਸ਼ੁੱਕਰਵਾਰ ਸਵੇਰੇ ਅੱਤਵਾਦੀਆਂ ਨੇ ਫਿਰ ਬੰਬ ਹਮਲਾ ਕੀਤਾ। ਰਿਪੋਰਟਾਂ ਮੁਤਾਬਕ ਮਣੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ 'ਚ ਤਾਜ਼ਾ ਬੰਬ ਹਮਲਾ ਕੀਤਾ ਗਿਆ, ਜਿਸ 'ਚ ਘੱਟੋ-ਘੱਟ ਦੋ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਦੱਸਿਆ ਗਿਆ ਹੈ ਕਿ ਚੂਰਾਚੰਦਪੁਰ ਜ਼ਿਲ੍ਹੇ ਦੇ ਨੇੜਲੇ ਪਹਾੜੀ ਇਲਾਕਿਆਂ ਵਿਚ ਉੱਚੀਆਂ ਥਾਵਾਂ ਤੋਂ ਵੀ ਰਾਕੇਟ ਦਾਗੇ ਗਏ। ਇਹ ਇਲਾਕਾ ਰਾਜਧਾਨੀ ਇੰਫਾਲ ਤੋਂ ਲਗਭਗ 45 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਹਮਲਿਆਂ ਨੇ ਟਰੋਂਗਲਾਓਬੀ ਦੇ ਨੀਵੇਂ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ।ਪੁਲਸ ਨੇ ਦੱਸਿਆ ਕਿ ਰਾਕੇਟ ਦੀ ਰੇਂਜ 3 ਕਿਲੋਮੀਟਰ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਹੈ। ਇਹ ਖੁਸ਼ਕਿਸਮਤੀ ਵਾਲੀ ਗੱਲ ਹੈ ਕਿ ਹਮਲੇ ਵਿਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਹਾਲਾਂਕਿ ਪੁਲਸ ਨੇ ਕਿਹਾ ਕਿ ਬੰਬ ਧਮਾਕੇ ਕਾਰਨ ਇਕ ਸਥਾਨਕ ਕਮਿਊਨਿਟੀ ਹਾਲ ਅਤੇ ਇਕ ਖਾਲੀ ਕਮਰੇ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਅੱਤਵਾਦੀਆਂ ਨੇ ਬਿਸ਼ਨੂਪੁਰ ਜ਼ਿਲ੍ਹੇ ਵੱਲ ਵੀ ਕਈ ਰਾਊਂਡ ਫਾਈਰਿੰਗ ਕੀਤੀ, ਜਿਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ।ਚਸ਼ਮਦੀਦਾਂ ਮੁਤਾਬਕ ਵੀਰਵਾਰ ਰਾਤ ਨੂੰ ਟਰੋਂਗਲਾਓਬੀ ਤੋਂ ਕੁਝ ਕਿਲੋਮੀਟਰ ਦੂਰ ਸਥਿਤ ਕੁਮਬੀ ਪਿੰਡ ਵਿਚ ਜ਼ਮੀਨ ਤੋਂ 100 ਮੀਟਰ ਤੋਂ ਵੀ ਘੱਟ ਉੱਚਾਈ 'ਤੇ ਕਈ ਡਰੋਨ ਮੰਡਰਾਉਂਦੇ ਨਜ਼ਰ ਆਏ। ਇਸ ਕਾਰਨ ਇਲਾਕੇ ਵਿਚ ਤਣਾਅ ਵੱਧ ਗਿਆ ਹੈ।