ਸੁਖਬੀਰ 'ਤੇ ਹਮਲੇ ਦੀ CCTV ਫੁਟੇਜ ਨਾ ਦੇਣ 'ਤੇ CM ਮਾਨ ਦਾ ਵੱਡਾ ਬਿਆਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਨ ਦਿੱਤਾ ਹੈ ਕਿ ਸੁਖਬੀਰ ਬਾਦਲ 'ਤੇ ਗੋਲੀ ਚਲਾਉਣ ਦੀ ਘਟਨਾ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਐੱਸ. ਜੀ. ਪੀ. ਸੀ. ਵਲੋਂ ਸਾਨੂੰ ਫੁਟੇਜ ਮੁਹੱਈਆ ਨਹੀਂ ਕਰਵਾਈ ਗਈ। ਇਸ ਤੋਂ ਬਾਅਦ ਸਾਨੂੰ ਹਾਈਕੋਰਟ ਜਾਣਾ ਪਿਆ। ਹਾਈਕੋਰਟ ਦੇ ਦਖ਼ਲ ਮਗਰੋਂ ਸਾਨੂੰ ਸੀ. ਸੀ. ਟੀ. ਵੀ. ਫੁਟੇਜ ਮਿਲੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਗੰਭੀਰਤਾ ਨਾਲ ਇਸ ਹਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸਾਨੂੰ 2-3 ਦਿਨਾਂ ਦੀ ਫੁਟੇਜ ਮਿਲੀ ਹੈ, ਜਿਸ 'ਚ ਪਤਾ ਲਾਇਆ ਜਾਵੇਗਾ ਕਿ ਹਮਲਾ ਕਰਨ ਵਾਲਾ ਵਿਅਕਤੀ ਕਿੰਨੀ ਵਾਰ ਉੱਥੇ ਆਇਆ ਅਤੇ ਕਿਸ-ਕਿਸ ਨੂੰ ਮਿਲਿਆ। ਇਸ ਤੋਂ ਬਾਅਦ ਸਭ ਖ਼ੁਲਾਸੇ ਹੋ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਲਾਅ ਐਂਡ ਆਰਡਰ ਦੇ ਮਾਮਲੇ 'ਚ ਪੰਜਾਬ ਪੂਰੇ ਦੇਸ਼ 'ਚੋਂ ਦੂਜੇ ਨੰਬਰ 'ਤੇ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਈ ਵਿਅਕਤੀ ਵਿਸ਼ੇਸ਼ ਹੋਵੇ ਜਾਂ ਆਮ ਨਾਗਰਿਕ ਹੋਵੇ, ਕਿਸੇ 'ਤੇ ਵੀ ਕਿਸੇ ਤਰ੍ਹਾਂ ਦਾ ਹਮਲਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ।