Congress preparing to play big bet on Navjot Sidhu after his release from Patiala jail
ਪਟਿਆਲਾ ਜੇਲ੍ਹ ’ਚੋਂ ਰਿਹਾਅ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈਕਮਾਨ ਕਰਨਾਟਕ ਅਸੈਂਬਲੀ ਚੋਣਾਂ ਵਿਚ ਭੇਜ ਸਕਦੀ ਹੈ। ਸੂਤਰਾਂ ਮੁਤਾਬਕ ਸਿੱਧੂ ਦੀ ਨਵੀਂ ਸਿਆਸੀ ਭੂਮਿਕਾ ਬਾਰੇ ਫੈਸਲਾ ਲੈਣ ਨੂੰ ਲੈ ਕੇ ਪਾਰਟੀ ਦੀ ਸੂਬਾਈ ਇਕਾਈ ਭਾਵੇਂ ਕਿਸੇ ਕਾਹਲ ਵਿਚ ਨਹੀਂ ਹੈ ਪਰ ਕਾਂਗਰਸ ਹਾਈ ਕਮਾਨ ਵੱਲੋਂ ਆਪਣੇ ਇਸ ਤੇਜ਼-ਤਰਾਰ ਆਗੂ ਨੂੰ ਕਰਨਾਟਕ ਅਸੈਂਬਲੀ ਚੋਣਾਂ ਵਿਚ ਭਾਜਪਾ ਦੇ ਮੱਥੇ ਲਾਉਣ ਦੀਆਂ ਵਿਉਂਤਾਂ ਘੜੀਆਂ ਜਾਣ ਲੱਗੀਆਂ ਹਨ। ਜੇਲ੍ਹ ਵਿਚੋਂ ਰਿਹਾਈ ਤੋਂ ਤੁਰੰਤ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਭਾਜਪਾ ਤੇ ‘ਆਪ’ ’ਤੇ ਕਥਿਤ ਦੋਸਤਾਨਾ ਮੈਚ ਜ਼ਰੀਏ ਪੰਜਾਬੀਆਂ ਨੂੰ ਬਦਨਾਮ ਕਰਨ ਅਤੇ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਸੀ। ਸਿੱਧੂ ਅਗਲੇ ਕੁਝ ਦਿਨਾਂ ਵਿਚ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਦਿੱਲੀ ’ਚ ਮਿਲ ਸਕਦੇ ਹਨ ਜਦਕਿ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਉਹ ਸੋਮਵਾਰ ਨੂੰ ਮਿਲਣਗੇ। ਸਿੱਧੂ ਦੀ ਭੂਮਿਕਾ ਬਾਰੇ ਭਲਕੇ ਚਰਚਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਨਾਲ ਸਬੰਧਤ ਕਈ ਸੀਨੀਅਰ ਆਗੂ ਸੂਰਤ ਕੋਰਟ ਵਿਚ ਰਾਹੁਲ ਗਾਂਧੀ ਦੇ ਨਾਲ ਮੌਜੂਦ ਰਹਿਣਗੇ।