ਸਿਵਲ ਹਸਪਤਾਲ 'ਚ ਡਾਕਟਰਾਂ ਦੀ ਹੜਤਾਲ: 3 ਘੰਟੇ ਬੰਦ ਰਹੀ OPD
ਫ਼ਤਹਿਗੜ੍ਹ ਸਾਹਿਬ : ਡਾਕਰਟਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਵਿਰੋਧ ਵਿਚ ਪੀ.ਸੀ.ਐੱਮ.ਐੱਸ. ਐਸੋਸੀਏਸ਼ਨ ਦੇ ਐਲਾਨ ਮੁਤਾਬਕ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਡਾਕਟਰਾਂ ਵੱਲੋਂ 3 ਘੰਟੇ OPD ਸੇਵਾਵਾਂ ਠੱਪ ਰਹੀਆਂ। ਐਸੋਸੀਏਸ਼ਨ ਵੱਲੋਂ 9 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਓ.ਪੀ.ਡੀ. ਸੇਵਾਵਾਂ ਬੰਦ ਕਰਕੇ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਮੰਗਾਂ ਸਬੰਧੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੀ.ਸੀ.ਐੱਮ.ਐੱਸ. ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਕੰਵਰਪਾਲ ਸਿੰਘ ਨੇ ਦੱਸਿਆ ਕਿ ਏ.ਸੀ.ਪੀ. ਨੂੰ ਬਹਾਲ ਕਰਨ ਅਤੇ ਸੁਰੱਖਿਆ ਪ੍ਰਬੰਧਾਂ 'ਤੇ ਕੁੱਝ ਨਾ ਕੀਤੇ ਜਾਣ 'ਤੇ ਡਾਕਟਰ ਐਸੋਸੀਏਸ਼ਨ ਵਿਚ ਨਾਰਾਜ਼ਗੀ ਪਾਈ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਏ.ਸੀ.ਪੀ. ਨੂੰ ਬਹਾਲ ਕਰਨ ਦੀ ਮੰਗ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਵਿਚ ਕੋਈ ਨਵਾਂ ਭੱਤਾ ਸ਼ਾਮਲ ਨਹੀਂ ਹੈ ਕਿਉਂਕਿ ਇਹ ਕਾਡਰ ਦੀ ਸ਼ੁਰੂਆਤ ਤੋਂ ਹੀ ਨਿਯਮਤ ਤਨਖਾਹ ਦਾ ਹਿੱਸਾ ਹੈ। ਇਸ ਲਈ ਪੀ.ਸੀ.ਐੱਮ.ਐੱਸ.ਏ. ਨੇ ਇਕ ਵਾਰ ਫਿਰ ਸਰਕਾਰ ਨੂੰ ਸਪੱਸ਼ਟ ਤੌਰ 'ਤੇ ਦੱਸਿਆ ਹੈ ਕਿ ਜਦੋਂ ਤੱਕ ਮੰਗਾਂ, ਖਾਸ ਤੌਰ 'ਤੇ ਏ.ਸੀ.ਪੀਜ਼ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਦਾ ਕੇਡਰ ਅਣਮਿੱਥੇ ਸਮੇਂ ਲਈ ਸੇਵਾਵਾਂ ਨੂੰ ਮੁਅੱਤਲ ਕਰਨ 'ਤੇ ਕਾਇਮ ਰਹੇਗਾ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀਆਂ ਇਹ ਬਿਲਕੁਲ ਜਾਇਜ਼ ਮੰਗਾਂ ਹਨ, ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਇਨ੍ਹਾਂ ਵੱਲ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਜੇਕਰ ਫਿਰ ਵੀ ਸਰਕਾਰ ਵੱਲੋਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਐਸੋਸੀਏਸ਼ਨ ਨੂੰ ਮਜਬੂਰ ਹੋ ਕੇ ਹੋਰ ਤਿੱਖੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ।