ਪਹਿਲਾਂ ਚਾਵਾਂ ਨਾਲ ਕੈਨੇਡਾ ਤੋਰੀ ਸੀ ਜਵਾਨ ਧੀ, ਹੁਣ ਸ਼ਗਨਾਂ ਦੀ ਚੁੰਨੀ ਪਾ ਕੇ ਦੇਣੀ ਪਈ ਅੰਤਿਮ ਵਿਦਾਈ
NABHA (LOVEPREET): ਬੀਤੇ ਕਰੀਬ 10 ਦਿਨ ਪਹਿਲਾਂ ਕਿਸਾਨ ਦੀ 23 ਸਾਲਾ ਧੀ ਨਵਦੀਪ ਕੌਰ ਦੀ ਕੈਨੇਡਾ ਦੇ ਬਰੈਂਪਟਨ ਵਿਚ ਬ੍ਰੇਨ ਹੈਮਰੇਜ ਨਾਲ ਮੌਤ ਹੋ ਗਈ ਸੀ। ਬੀਤੇ ਦਿਨੀਂ ਨਵਦੀਪ ਕੌਰ ਦੀ ਮ੍ਰਿਤਕ ਦੇਹ ਨਾਭਾ ਬਲਾਕ ਦੇ ਪਿੰਡ ਪਾਲੀਆ ਖੁਰਦ ਸਥਿਤ ਘਰ ਪਹੁੰਚੀ ਤਾਂ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰ ਨੇ ਨਵਦੀਪ ਕੌਰ ਨੂੰ ਬੜੇ ਹੀ ਚਾਵਾਂ ਨਾਲ ਕੈਨੇਡਾ ਭੇਜਿਆ ਸੀ ਕੀ ਉਹ ਉਨ੍ਹਾਂ ਦੇ ਬੁਢਾਪੇ ਦਾ ਸਹਾਰਾ ਬਣੇਗੀ, ਪਰ ਉਸ ਦੀ ਮੌਤ ਨੇ ਪਰਿਵਾਰ ਨੂੰ ਸਦਮੇ ਵਿਚ ਲਿਆ ਦਿੱਤਾ ਹੈ। ਪਰਿਵਾਰ ਨੇ ਲੱਖਾਂ ਰੁਪਿਆ ਖਰਚਾ ਕਰਕੇ ਅਤੇ ਕਰਜ਼ਾ ਚੁੱਕ ਕੇ ਵਿਦੇਸ਼ ਭੇਜਿਆ ਸੀ। ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਦੀ ਮਾਲੀ ਮਦਦ ਦੀ ਮੰਗ ਕੀਤੀ ਹੈ। ਅੰਤਿਮ ਸੰਸਕਾਰ ਮੌਕੇ ਜਿੱਥੇ ਵੱਡੀ ਗਿਣਤੀ ਵਿਚ ਪਿੰਡ ਨਿਵਾਸੀ ਮੌਜੂਦ ਰਹੇ ਉੱਥੇ ਹੀ ਸਾਰਾ ਪਿੰਡ ਗਮਗੀਨ ਮਾਹੌਲ ਵਿਚ ਸੀ ਜਿਸ ਮਾਂ-ਬਾਪ ਨੇ ਆਪਣੀ ਧੀ ਨਵਦੀਪ ਕੌਰ ਨੂੰ ਖੁਸ਼ੀ-ਖੁਸ਼ੀ ਲਾਲ ਸ਼ਗਨਾਂ ਦੀ ਚੁੰਨੀ ਨਾਲ ਵਿਆਹ ਕਰ ਕੇ ਘਰੋਂ ਵਿਦਾ ਕਰਨ ਦਾ ਸੁਫ਼ਨਾ ਵੇਖਿਆ ਸੀ, ਹੁਣ ਉਨ੍ਹਾਂ ਨੂੰ ਨਵਦੀਪ ਕੌਰ ਦੀ ਮ੍ਰਿਤਕ ਦੇਹ 'ਤੇ ਸ਼ਾਗਨਾ ਦੀ ਲਾਲ ਚੁੰਨੀ ਪਾ ਕੇ ਉਸ ਨੂੰ ਅੰਤਿਮ ਵਿਦਾਈ ਦੇਣੀ ਪਈ। ਇਹ ਵੇਖ ਹਰ ਕਿਸੇ ਦੀ ਅੱਖ 'ਚੋਂ ਹੰਝੂ ਨਿਕਲ ਆਏ। ਨਵਦੀਪ ਕੌਰ ਨੂੰ ਪਰਿਵਾਰ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਅਤੇ ਕਰਜ਼ਾ ਚੁੱਕ ਕੇ ਉਸ ਨੂੰ ਕੈਨੇਡਾ ਵਿਚ ਭੇਜਿਆ ਸੀ ਕੀ ਉਹ ਪਰਿਵਾਰ ਦਾ ਸਹਾਰਾ ਬਣੇਗੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਰਿਵਾਰ ਨੇ ਕਦੇ ਨਹੀਂ ਸੋਚਿਆ ਸੀ ਕਿ ਨਵਦੀਪ ਕੌਰ ਦੀ ਕੈਨੇਡਾ ਵਿਚ ਮੌਤ ਹੋ ਜਾਵੇਗੀ। ਨਵਦੀਪ ਕੌਰ ਦੋ ਸਾਲ ਪਹਿਲਾਂ ਕੈਨੇਡਾ ਵਿਚ ਆਪਣਾ ਭਵਿੱਖ ਬਣਾਉਣ ਲਈ ਗਈ ਸੀ ਪਰ ਬਰੇਨ ਹੈਮਰੇਜ ਦੇ ਨਾਲ ਉਸ ਦੀ ਮੌਤ ਹੋ ਗਈ। ਨਵਦੀਪ ਕੌਰ ਘਰ ਦੀ ਵੱਡੀ ਲੜਕੀ ਸੀ ਅਤੇ ਉਸਦੇ ਉੱਪਰ ਹੀ ਘਰ ਦੀ ਜ਼ਿੰਮੇਵਾਰੀ ਸੀ, ਅਤੇ ਹੁਣ ਪਿੱਛੇ ਛੋਟੀ ਲੜਕੀ ਹੀ ਰਹਿ ਗਈ ਹੈ।ਇਸ ਮੌਕੇ ਮ੍ਰਿਤਕ ਨਵਦੀਪ ਕੌਰ ਦੇ ਰਿਸ਼ਤੇਦਾਰ ਕੁਲਦੀਪ ਸਿੰਘ ਅਤੇ ਜਗਪਾਲ ਸਿੰਘ ਨੇ ਕਿਹਾ ਕਿ ਨਵਦੀਪ ਕੌਰ ਨੂੰ ਬੜੀ ਹੀ ਮਿਹਨਤ ਦੇ ਸਦਕਾ ਲੱਖਾਂ ਰੁਪਿਆ ਖਰਚ ਕਰਕੇ ਅਤੇ ਕਰਜ਼ਾ ਚੁੱਕ ਕੇ ਕੈਨੇਡਾ ਭੇਜਿਆ ਸੀ। ਦੋ ਸਾਲ ਦੀ ਉਸ ਨੇ ਪੜ੍ਹਾਈ ਵੀ ਪੂਰੀ ਕਰ ਲਈ ਸੀ ਪਰ ਜਦੋਂ ਹੁਣ ਕਰਜੇ ਦੀ ਪੰਡ ਉਤਾਰਨ ਦਾ ਸਮਾਂ ਆਇਆ ਤਾਂ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਤੇ ਉਸ ਦੀ ਕੈਨੇਡਾ ਵਿਚ ਮੌਤ ਹੋ ਗਈ। ਅੱਜ ਐੱਨ.ਆਰ.ਆਈਆਂ ਦੀ ਮਦਦ ਦੇ ਨਾਲ ਉਸ ਦੀ ਮ੍ਰਿਤਕ ਦੇਹ ਘਰ ਲਿਆਂਦੀ ਗਈ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਰਿਵਾਰ ਦੇ ਸਿਰ 'ਤੇ ਲੱਖਾਂ ਰੁਪਏ ਕਰਜ਼ਾ ਹੈ। ਅਸੀਂ ਤਾਂ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਪਰਿਵਾਰ ਦੀ ਕਰਜ਼ੇ ਦੀ ਪੰਡ ਨੂੰ ਹਲਕਾ ਕੀਤਾ ਜਾਵੇ।