ਵੈੱਬ ਸੀਰੀਜ਼ ਤੋਂ ਪ੍ਰੇਰਿਤ ਹੋ ਕੇ ਛਾਪਣ ਲੱਗ ਪਏ ਨਕਲੀ ਨੋਟ
ਸੂਰਤ - ਗੁਜਰਾਤ ਦੇ ਸੂਰਤ ਸ਼ਹਿਰ ’ਚ ਨਕਲੀ ਨੋਟ ਛਾਪਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰ ਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਇਹ ਛਪਾਈ ਆਨਲਾਈਨ ਕੱਪੜੇ ਵੇਚਣ ਵਾ ਲੀ ਇਕ ਫਰਮ ਦੇ ਦਫ਼ਤਰ ’ਚ ਹੋ ਰਹੀ ਸੀ। ਪੁਲਸ ਦੇ ਡਿਪਟੀ ਕਮਿਸ਼ਨਰ ਰਾਜਦੀਪ ਨੇ ਕਿਹਾ ਕਿ ਮੁਲਜ਼ਮ ਕਥਿਤ ਤੌਰ ’ਤੇ ਵੈੱਬ ਸੀਰੀਜ਼ ‘ਫਰਜ਼ੀ’ ਤੋਂ ਪ੍ਰੇਰਿਤ ਸਨ। ‘ਫਰਜ਼ੀ’ ’ਚ ਇਕ ਅਜਿਹੇ ਠੱਗ ਨੂੰ ਵਿਖਾਇਆ ਗਿਆ ਹੈ ਜੋ ਨਕਲੀ ਨੋਟ ਛਾਪ ਕੇ ਅਮੀਰ ਬਣ ਜਾਂਦਾ ਹੈ।ਸੂਰਤ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੇ ਅਧਿਕਾਰੀਆਂ ਨੇ ਸ਼ਨੀਵਾਰ ਸਰਥਾਣਾ ਇਲਾਕੇ ’ਚ ਛਾਪਾ ਮਾਰ ਕੇ 1.20 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਚੌਥੇ ਮੁਲਜ਼ਮ ਨੂੰ ਵੀ ਬਾਅਦ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮਾਂ ਨੇ ਕੱਪੜੇ ਦੀ ਆਨਲਾਈਨ ਵਿਕਰੀ ਦਾ ਕਾਰੋਬਾਰ ਚਲਾਉਣ ਦੀ ਆੜ ’ਚ ਇਕ ਵਪਾਰਕ ਇਮਾਰਤ ’ਚ ਦਫ਼ਤਰ ਕਿਰਾਏ ’ਤੇ ਲਿਆ ਹੋਇਆ ਸੀ, ਪਰ ਉਹ ਉੱਥੇ ਨਕਲੀ ਨੋਟ ਛਾਪ ਰਹੇ ਸਨ।