LAC ਤੋਂ ਚੰਗੀ ਖ਼ਬਰ, ਭਾਰਤ-ਚੀਨ ਦੇ ਫ਼ੌਜੀਆਂ ਨੇ ਇਕ-ਦੂਜੇ ਨੂੰ ਵੰਡੀ ਮਠਿਆਈ
ਨਵੀਂ ਦਿੱਲੀ- ਭਾਰਤ ਅਤੇ ਚੀਨ ਦੇ ਫ਼ੌਜੀਆਂ ਨੇ ਵੀਰਵਾਰ ਨੂੰ ਦੀਵਾਲੀ ਦੇ ਮੌਕੇ 'ਤੇ ਅਸਲ ਕੰਟਰੋਲ ਰੇਖਾ (LAC) ਸਮੇਤ ਕਈ ਸਰਹੱਦਾਂ 'ਤੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ। ਫੌਜ ਦੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਪੂਰਬੀ ਲੱਦਾਖ ਦੇ ਡੇਮਚੋਕ ਅਤੇ ਡੇਪਸਾਂਗ ਵਿਚ ਦੋ ਟਕਰਾਅ ਵਾਲੇ ਸਥਾਨਾਂ 'ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੀ ਵਾਪਸੀ ਤੋਂ ਇਕ ਦਿਨ ਬਾਅਦ ਇਹ ਚੰਗੀ ਖ਼ਬਰ ਸਾਹਮਣੇ ਆਈ। ਇਸ ਨਾਲ ਚੀਨ ਅਤੇ ਭਾਰਤ ਦੇ ਰਿਸ਼ਤਿਆਂ 'ਚ ਮਿਠਾਸ ਆਈ ਹੈ।ਫ਼ੌਜ ਦੇ ਇਕ ਸੂਤਰ ਨੇ ਦੱਸਿਆ ਕਿ ਦੀਵਾਲੀ ਮੌਕੇ LAC ਨਾਲ ਕਈ ਸਰਹੱਦਾਂ 'ਤੇ ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਸੂਤਰਾਂ ਨੇ ਦੱਸਿਆ ਕਿ ਇਹ ਆਦਾਨ-ਪ੍ਰਦਾਨ LAC ਸਮੇਤ 5 ਬਾਰਡਰ ਪਰਸਨਲ ਮੀਟਿੰਗ ਬਿੰਦੂਆਂ 'ਤੇ ਪਿੱਛੇ ਹਟਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ ਅਤੇ ਜਲਦ ਹੀ ਇਨ੍ਹਾਂ ਬਿੰਦੂਆਂ 'ਤੇ ਗਸ਼ਤ ਸ਼ੁਰੂ ਹੋ ਜਾਵੇਗੀ। ਫੌਜ ਦੇ ਇਕ ਸੂਤਰ ਨੇ ਕਿਹਾ ਕਿ ਸਥਾਨਕ ਕਮਾਂਡਰ ਪੱਧਰ 'ਤੇ ਗੱਲਬਾਤ ਜਾਰੀ ਰਹੇਗੀ। ਵਿਦੇਸ਼ ਸਕੱਤਰ ਵਿਕਰਮ ਮਿਸ਼ਰੀ ਨੇ 21 ਅਕਤੂਬਰ ਨੂੰ ਕਿਹਾ ਕਿ ਕਈ ਹਫਤਿਆਂ ਦੀ ਗੱਲਬਾਤ ਤੋਂ ਬਾਅਦ ਭਾਰਤ ਅਤੇ ਚੀਨ ਵਿਚਾਲੇ ਇਕ ਸਮਝੌਤਾ ਹੋ ਗਿਆ ਹੈ ਅਤੇ ਇਸ ਨਾਲ 2020 ਦੇ ਮਸਲਿਆਂ ਦਾ ਹੱਲ ਨਿਕਲੇਗਾ।