ਤੀਜੇ ਮੈਚ 'ਚ ਹਾਰ ਤੋਂ ਬਾਅਦ ਬੋਲੀ ਹਰਮਨਪ੍ਰੀਤ
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਵੀਰਵਾਰ ਨੂੰ ਮੰਨਿਆ ਕਿ ਬੰਗਲਾਦੇਸ਼ ਖ਼ਿਲਾਫ਼ ਹੋਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਨੂੰ ਕਾਫੀ ਸੁਧਾਰ ਦੀ ਲੋੜ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਤਿੰਨ ਟੀ-20 ਸੀਰੀਜ਼ ਦੇ ਆਖ਼ਰੀ ਮੈਚ 'ਚ ਬੰਗਲਾਦੇਸ਼ ਤੋਂ 4 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ ਨੂੰ 103 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਬੰਗਲਾਦੇਸ਼ ਨੇ 10 ਗੇਂਦਾਂ ਬਾਕੀ ਰਹਿੰਦਿਆਂ ਹਾਸਲ ਕਰ ਲਿਆ। ਹਾਲਾਂਕਿ ਭਾਰਤ ਨੇ ਸੀਰੀਜ਼ 'ਤੇ 2-1 ਨਾਲ ਕਬਜ਼ਾ ਕੀਤਾ।ਹਰਮਨਪ੍ਰੀਤ ਨੇ ਤੀਜੇ ਅਤੇ ਆਖਰੀ ਟੀ-20 ਅੰਤਰਰਾਸ਼ਟਰੀ ਮੈਚ 'ਚ ਬੰਗਲਾਦੇਸ਼ ਤੋਂ ਮਿਲੀ ਚਾਰ ਵਿਕਟਾਂ ਦੀ ਹਾਰ ਤੋਂ ਬਾਅਦ 16 ਜੁਲਾਈ ਤੋਂ ਸ਼ੁਰੂ ਹੋ ਰਹੀ ਵਨਡੇ ਸੀਰੀਜ਼ ਬਾਰੇ ਕਿਹਾ, ''ਇਹ ਘੱਟ ਸਕੋਰ ਵਾਲਾ ਟੂਰਨਾਮੈਂਟ ਹੋਵੇਗਾ। ਸਾਨੂੰ 300 ਦੌੜਾਂ ਦੀ ਪਾਰੀ ਦੇਖਣ ਨੂੰ ਨਹੀਂ ਮਿਲੇਗੀ। ਸਾਨੂੰ ਸਟਰਾਈਕ ਨੂੰ ਰੋਟੇਟ ਕਰਨਾ ਹੋਵੇਗਾ ਅਤੇ ਓਵਰਾਂ ਦੇ ਹਿਸਾਬ ਨਾਲ ਖੇਡਣਾ ਹੋਵੇਗਾ। ਇੱਕ ਟੀਮ ਵਜੋਂ, ਬਹੁਤ ਸਾਰੇ ਵਿਭਾਗ 'ਚ ਸੁਧਾਰ ਦੀ ਲੋੜ ਹੈ। ਆਓ ਦੇਖਦੇ ਹਾਂ ਕਿ ਇਹ ਕਿਵੇਂ ਰਹਿੰਦਾ ਹੈ।