ਹਰਿਆਣਾ 'ਚ 'ਹੈਟ੍ਰਿਕ': ਭਾਜਪਾ ਲੀਡਰਸ਼ਿਪ ਨੂੰ ਮਿਲਣ ਦਿੱਲੀ ਪਹੁੰਚੇ CM ਨਾਇਬ ਸੈਣੀ
ਹਰਿਆਣਾ (ਲਵਪ੍ਰੀਤ ਘੁੰਮਾਣ) : ਹਰਿਆਣਾ ਵਿੱਚ ਸੱਤਾਧਾਰੀ ਪਾਰਟੀ ਵੱਲੋਂ ਲਗਾਤਾਰ ਤੀਜੀ ਵਾਰ ਚੋਣਾਂ ਵਿੱਚ ਜਿੱਤਾਂ ਦੀ ‘ਹੈਟ੍ਰਿਕ’ ਹਾਸਲ ਕਰਨ ਅਤੇ ਸੱਤਾ ’ਤੇ ਕਾਬਜ਼ ਰਹਿਣ ਤੋਂ ਇੱਕ ਦਿਨ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅੱਜ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰਨਗੇ। ਸੂਤਰਾਂ ਨੇ ਕਿਹਾ ਕਿ ਸੈਣੀ ਆਪਣੀ ਕੈਬਨਿਟ ਨੂੰ ਅੰਤਿਮ ਰੂਪ ਦੇਣ ਲਈ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਕਰਨ ਦੀ ਸੰਭਾਵਨਾ ਹੈ। ਸੱਤਾ ਵਿਰੋਧੀ ਲਹਿਰ ਨੂੰ ਨਜ਼ਰਅੰਦਾਜ਼ ਕਰਦਿਆਂ, ਸੱਤਾਧਾਰੀ ਭਾਜਪਾ ਨੇ ਜਿੱਤਾਂ ਦੀ 'ਹੈਟ੍ਰਿਕ' ਲਗਾ ਕੇ ਹਰਿਆਣਾ ਵਿਚ ਸੱਤਾ ਬਰਕਰਾਰ ਰੱਖੀ ਅਤੇ ਵਿਧਾਨ ਸਭਾ ਚੋਣਾਂ ਵਿਚ ਵਾਪਸੀ ਕਰਨ ਦੀ ਕਾਂਗਰਸ ਦੀ ਕੋਸ਼ਿਸ਼ ਨੂੰ ਰੋਕ ਦਿੱਤਾ।ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਮੰਗਲਵਾਰ ਨੂੰ ਐਲਾਨ ਦਿੱਤੇ ਗਏ ਹਨ। ਇਸ ਦੌਰਾਨ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਸੈਣੀ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ 'ਤੇ ਆਪਣੀ 'ਮੋਹਰ' ਲਗਾ ਦਿੱਤੀ ਹੈ। ਭਾਜਪਾ ਨੇ 48 ਸੀਟਾਂ ਜਿੱਤ ਕੇ ਆਪਣੀ ਹੁਣ ਤੱਕ ਦੀ ਸਭ ਤੋਂ ਵਧੀਆ ਪ੍ਰਾਪਤੀ ਹਾਸਲ ਕੀਤੀ, ਜੋ ਕਾਂਗਰਸ ਦੀ ਗਿਣਤੀ ਨਾਲੋਂ 11 ਵੱਧ ਹੈ। ਜਦੋਂ ਕਿ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਅਤੇ ਆਮ ਆਦਮੀ ਪਾਰਟੀ (ਆਪ) ਵਰਗੀਆਂ ਪਾਰਟੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਸਿਰਫ਼ ਦੋ ਸੀਟਾਂ ਹੀ ਹਾਸਲ ਕਰ ਸਕੀ। 'ਆਪ' ਨੇ ਹਰਿਆਣਾ ਵਿਧਾਨ ਸਭਾ ਚੋਣਾਂ ਇਕੱਲਿਆਂ ਲੜੀਆਂ ਸਨ। ਕਾਂਗਰਸ ਦੀ ਆਸਾਨ ਜਿੱਤ ਦੀ ਭਵਿੱਖਬਾਣੀ ਕਰਨ ਵਾਲੇ ‘ਐਗਜ਼ਿਟ ਪੋਲ’ (ਚੋਣਾਂ ਤੋਂ ਬਾਅਦ ਦੇ ਸਰਵੇਖਣ) ਨੂੰ ਗਲਤ ਸਾਬਤ ਕਰਦੇ ਹੋਏ ਭਾਜਪਾ ਲਗਾਤਾਰ ਤੀਜੀ ਵਾਰ ਹਰਿਆਣਾ ਵਿੱਚ ਸਰਕਾਰ ਬਣਾਏਗੀ। ਇਸ ਜਿੱਤ ਦੀ ਤਾਰੀਫ਼ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਜਿੱਤ ਚੰਗੇ ਸ਼ਾਸਨ ਕਾਰਨ ਸੰਭਵ ਹੋਈ ਹੈ ਅਤੇ ਸਾਰੇ ਭਾਈਚਾਰਿਆਂ ਨੇ ਭਾਜਪਾ ਨੂੰ ਵੋਟਾਂ ਪਾਈਆਂ ਹਨ। ਹਰਿਆਣਾ ਵਿੱਚ 5 ਅਕਤੂਬਰ ਨੂੰ ਇੱਕੋ ਪੜਾਅ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ।