ਦਿਲ ਖੋਲ੍ਹ ਕੇ ਇੰਤਜ਼ਾਰ ਕਰ ਰਿਹਾ ਹਾਂ', ਰਾਹੁਲ ਦਾ ਦਾਅਵਾ- ED ਕਰ ਰਹੀ ਛਾਪੇਮਾਰੀ ਦੀ ਤਿਆਰੀ
ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਸਦਨ 'ਚ ਚੱਕਰਵਿਊ ਵਾਲੇ ਭਾਸ਼ਣ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਛਾਪੇਮਾਰੀ ਦੀ ਤਿਆਰੀ ਹੋ ਰਹੀ ਹੈ। ਕਾਂਗਰਸ ਆਗੂ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਜ਼ਾਹਰ ਹੈ '2 ਇਨ 1' ਨੂੰ ਮੇਰਾ ਚੱਕਰਵਿਊ ਵਾਲਾ ਭਾਸ਼ਣ ਚੰਗਾ ਨਹੀਂ ਲੱਗਾ। ਈ.ਡੀ. ਦੇ ਅੰਦਰੂਨੀ ਸੂਤਰਾਂ ਨੇ ਮੈਨੂੰ ਦੱਸਿਆ ਹੈ ਕਿ ਛਾਪੇਮਾਰੀ ਦੀ ਤਿਆਰੀ ਹੋ ਰਹੀ ਹੈ। ਮੈਂ ਈ.ਡੀ. ਦਾ ਦਿਲ ਖੋਲ੍ਹ ਕੇ ਇੰਤਜ਼ਾਰ ਕਰ ਰਿਹਾ ਹਾਂ। ਮੇਰੇ ਵਲੋਂ ਚਾਹ ਅਤੇ ਬਿਸਕੁੱਟ।ਰਾਹੁਲ ਗਾਂਧੀ ਨੇ ਸੋਮਵਾਰ ਨੂੰ ਲੋਕ ਸਭਾ 'ਚ ਬਜਟ 'ਤੇ ਚਰਚਾ 'ਚ ਹਿੱਸਾ ਲੈਂਦੇ ਹੋਏ ਕੇਂਦਰ ਸਰਕਾਰ 'ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਹਿੰਦੁਸਤਾਨ ਨੂੰ ਅਭਿਮਨਿਊ ਦੀ ਤਰ੍ਹਾਂ ਚੱਕਰਵਿਊ 'ਚ ਫਸਾ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡੈਵਲਪਮੈਂਟਲ ਇਨਕਲੂਸਿਵ ਅਲਾਇੰਸ' (ਇੰਡੀਆ) ਇਸ ਚੱਕਰਵਿਊ ਨੂੰ ਤੋੜੇਗਾ।