ਗਤੀਰੋਧ ਖ਼ਤਮ ਕਰਨ 'ਤੇ ਸਹਿਮਤੀ ਬਣੀ, ਮੰਗਲਵਾਰ ਤੋਂ ਚੱਲੇਗੀ ਸੰਸਦ ਦੀ ਕਾਰਵਾਈ
ਨਵੀਂ ਦਿੱਲੀ (ਭਾਸ਼ਾ)- ਸੰਸਦੀ ਕਾਰਜ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ ਕਿਹਾ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਵਿਰੋਧੀ ਦਲ ਸੰਸਦ 'ਚ ਗਤੀਰੋਧ ਦੂਰ ਕਰਨ ਲਈ ਸਹਿਮਤ ਹੋ ਗਏ ਹਨ ਅਤੇ ਮੰਗਲਵਾਰ ਤੋਂ ਦੋਹਾਂ ਸਦਨਾਂ 'ਚ ਸਹੀ ਤਰੀਕੇ ਨਾਲ ਕੰਮਕਾਜ ਹੋਵੇਗਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵੱਖ-ਵੱਖ ਦਲਾਂ ਦੇ ਨੇਤਾਵਾਂ ਨਾਲ ਬੈਠਕ ਕੀਤੀ, ਜਿੱਥੇ ਗਤੀਰੋਧ ਖ਼ਤਮ ਕਰਨ 'ਚ ਸਫ਼ਲਤਾ ਮਿਲੀ। ਬੈਠਕ 'ਚ ਸ਼ਾਮਲ ਰਹੇ ਰਿਜਿਜੂ ਨੇ ਕਿਹਾ ਕਿ ਹੇਠਲੇ ਸਦਨ 'ਚ 13 ਅਤੇ 14 ਦਸੰਬਰ ਨੂੰ ਅਤੇ ਉੱਚ ਸਦਨ 'ਚ 16 ਅਤੇ 17 ਦਸੰਬਰ ਨੂੰ ਸੰਵਿਧਾਨ 'ਤੇ ਚਰਚਾ ਹੋਵੇਗੀ। ਵਿਰੋਧੀ ਦਲਾਂ ਨੇ ਸੰਵਿਧਾਨ ਸਭਾ ਵਲੋਂ ਸੰਵਿਧਾਨ ਨੂੰ ਅਪਣਾਉਣ ਦੀ 75ਵੀਂ ਵਰ੍ਹੇਗੰਢ ਮੌਕੇ ਸੰਸਦ ਦੇ ਦੋਹਾਂ ਸਦਨਾਂ 'ਚ ਚਰਚਾ ਦੀ ਮੰਗ ਕੀਤੀ ਸੀ। ਰਿਜਿਜੂ ਨੇ ਉਮੀਦ ਜਤਾਈ ਕਿ ਮੰਗਲਵਾਰ ਤੋਂ ਸੰਸਦ ਸਹੀ ਢੰਗ ਨਾਲ ਚੱਲੇਗੀ। 25 ਨਵੰਬਰ ਤੋਂ ਸ਼ੁਰੂ ਹੋਏ ਸੰਸਦ ਦੇ ਸਰਦ ਰੁੱਤ ਸੈਸ਼ਨ 'ਚ ਹੁਣ ਤੱਕ ਗਤੀਰੋਧ ਬਣਿਆ ਹੋਇਆ ਸੀ। ਕਾਂਗਰਸ ਮੈਂਬਰ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਨੂੰ ਚੁੱਕ ਰਹੇ ਸਨ, ਉੱਥੇ ਹੀ ਸਪਾ ਸੰਸਦ ਮੈਂਬਰ ਸੰਭਲ ਹਿੰਸਾ ਦੇ ਮਾਮਲੇ 'ਤੇ ਚਰਚਾ ਦੀ ਮੰਗ ਕਰ ਰਹੇ ਸਨ।