MI-17 ਹੈਲੀਕਾਪਟਰ ਰਾਹੀਂ ਵੀ ਹੋਣਗੇ ਕੈਲਾਸ਼ ਦੇ ਦਰਸ਼ਨ, ਖਰਚ ਕਰਨੇ ਪੈਣਗੇ ਇੰਨੇ ਰੁਪਏ
ਦੇਹਰਾਦੂਨ- ਕੈਲਾਸ਼ ਪਰਬਤ ਦੇ ਦਰਸ਼ਨ ਦਾ ਇੰਤਜ਼ਾਰ ਕਰ ਰਹੇ ਸ਼ਰਧਾਲੂਆਂ ਲਈ ਵੱਡੀ ਖ਼ਬਰ ਹੈ। ਉੱਤਰਾਖੰਡ ਸੈਰ-ਸਪਾਟਾ ਵਿਕਾਸ ਪ੍ਰੀਸ਼ਦ ਨਵੰਬਰ ਤੋਂ ਹਵਾਈ ਫ਼ੌਜ ਦੇ ਐੱਮ.ਆਈ.-17 ਹੈਲੀਕਾਪਟਰ ਰਾਹੀਂ ਤੀਰਥ ਯਾਤਰੀਆਂ ਨੂੰ ਆਦਿ ਕੈਲਾਸ਼ ਦੇ ਦਰਸ਼ਨ ਕਰਵਾਏਗਾ। ਇਸ ਦੇ ਲਈ ਹਵਾਈ ਫ਼ੌਜ, ਸੂਬਾ ਸਰਕਾਰ, ਉੱਤਰਾਖੰਡ ਸੈਰ-ਸਪਾਟਾ ਵਿਕਾਸ ਪ੍ਰੀਸ਼ਦ ਦੀ ਕਾਰਜ ਯੋਜਨਾ ਤਿਆਰ ਹੋ ਚੁੱਕੀ ਹੈ। ਇਸ ਯਾਤਰਾ ਦਾ ਖਰਚ 75 ਹਜ਼ਾਰ ਰੁਪਏ ਹੋਵੇਗਾ। ਕੈਲਾਸ਼ ਪਰਬਤ ਚੀਨ ਆਧਿਪਤਯ ਵਾਲੇ ਤਿੱਬਤ 'ਚ ਹੈ ਅਤੇ ਵਿਊ ਪੁਆਇੰਟ ਤੋਂ ਚੀਨ ਸਰਹੱਦ 10 ਕਿਲੋਮੀਟਰ ਦੂਰ ਹੈ। ਵਿਊ ਪੁਆਇੰਟ ਦੀ ਉੱਚਾਈ 14 ਹਜ਼ਾਰ ਫੁੱਟ ਤੋਂ ਵੱਧ ਹੈ। ਇਸ ਲਈ 55 ਸਾਲ ਦੀ ਉਮਰ ਤੱਕ ਵਾਲਿਆਂ ਨੂੰ ਹੀ ਯਾਤਰਾ ਕਰਵਾਈ ਜਾਵੇਗੀ। ਪਹਿਲੇ ਦੀ ਤੁਲਨਾ 'ਚ ਇਸ ਵਾਰ ਯਾਤਰਾ ਦਾ ਖਰਚ ਅੱਧੇ ਤੋਂ ਵੀ ਘੱਟ ਹੈ।ਸਾਲ 2019 ਤੱਕ ਭਾਰਤੀ ਨਾਗਰਿਕ ਚੀਨ ਰਸਤਿਆਂ ਤੋਂ ਕੈਲਾਸ਼ ਪਰਬਤ ਪਹੁੰਚ ਸਕਦੇ ਸਨ। ਪਹਿਲਾ- ਨੇਪਾਲ, ਦੂਜਾ- ਓਲਡ ਲਿਪੁਲੇਖ ਅਤੇ ਤੀਜਾ- ਸਿੱਕਮ। ਇਨ੍ਹਾਂ ਰੂਟਸ ਨਾਲ ਯਾਤਰਾ 11 ਤੋਂ 22 ਦਿਨਾਂ 'ਚ ਪੂਰੀ ਹੁੰਦੀ ਸੀ ਅਤੇ 1.6 ਲੱਖ ਤੋਂ 2.5 ਲੱਖ ਰੁਪਏ ਤੱਕ ਖਰਚ ਹੋ ਜਾਂਦੇ ਸਨ। ਕੋਰੋਨਾ ਆਉਂਦੇ ਹੀ ਚੀਨ ਨੇ ਤਿੰਨੋਂ ਰਸਤੇ ਬੰਦ ਕਰ ਦਿੱਤੇ। ਇਸ ਲਈ ਭਾਰਤ ਸਰਕਾਰ ਨੇ ਓਲਡ ਲਿਪੁਲੇਖ ਦੀਆਂ ਪਹਾੜੀਆਂ ਤੋਂ ਕੈਲਾਸ਼ ਦਰਸ਼ਨ ਕਰਵਾਉਣ ਦਾ ਰਸਤਾ ਕੱਢਿਆ। ਇਸ ਰਸਤੇ ਨੂੰ ਬੀ.ਆਰ.ਓ. ਨੇ ਬਹੁਤ ਮੁਸ਼ਕਲ ਨਾਲ ਕਈ ਪਹਾੜਾਂ ਨੂੰ ਕੱਟ ਕੇ ਬਣਾਇਆ ਹੈ।