ਗਊ ਮਾਸ ਖਾਣ ਦੇ ਸ਼ੱਕ 'ਚ ਪ੍ਰਵਾਸੀ ਦਾ ਕੁੱਟ-ਕੁੱਟ ਕੇ ਕਤਲ
ਚੰਡੀਗੜ੍ਹ- ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਵਿਚ ਗਊ ਮਾਸ ਖਾਣ ਦੇ ਸ਼ੱਕ ਵਿਚ ਗਊ ਰੱਖਿਅਕ ਸਮੂਹ ਨੇ ਇਕ ਪ੍ਰਵਾਸੀ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਇਸ ਮਾਮਲੇ ਵਿਚ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਸਾਬਰ ਮਲਿਕ ਦਾ 27 ਅਗਸਤ ਨੂੰ ਕਤਲ ਕਰ ਦਿੱਤਾ ਗਿਆ ਸੀ। ਅਧਿਕਾਰੀ ਨੇ ਦਰਜ ਮਾਮਲੇ ਦੇ ਆਧਾਰ 'ਤੇ ਦੱਸਿਆ ਕਿ 5 ਦੋਸ਼ੀਆਂ ਨੇ ਗਊ ਮਾਸ ਖਾਣ ਦੇ ਸ਼ੱਕ 'ਤੇ ਮਲਿਕ ਨੂੰ ਪਲਾਸਟਿਕ ਦੀਆਂ ਖਾਲੀ ਬੋਤਲਾਂ ਵੇਚਣ ਦੇ ਬਹਾਨੇ ਇਕ ਦੁਕਾਨ 'ਤੇ ਬੁਲਾਇਆ ਅਤੇ ਉੱਥੇ ਉਸ ਦੀ ਕੁੱਟਮਾਰ ਕੀਤੀ।ਦੋਸ਼ੀਆਂ ਦੀ ਪਛਾਣ ਅਭਿਸ਼ੇਕ, ਮੋਹਿਤ, ਰਵਿੰਦਰ, ਕਮਲਜੀਤ ਅਤੇ ਸਾਹਿਲ ਦੇ ਰੂਪ ਵਿਚ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਜਦੋਂ ਉਸ ਨੂੰ ਕੁੱਟ ਰਹੇ ਸਨ ਤਾਂ ਕੁਝ ਲੋਕਾਂ ਨੇ ਦਖ਼ਲ ਦਿੱਤਾ, ਜਿਸ ਤੋਂ ਬਾਅਦ ਉਹ ਮਲਿਕ ਨੂੰ ਦੂਜੀ ਥਾਂ 'ਤੇ ਲੈ ਗਏ ਅਤੇ ਫਿਰ ਉੱਥੇ ਉਸ ਦੀ ਮੁੜ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਮਲਿਕ ਚਰਖੀ ਦਾਦਰੀ ਜ਼ਿਲ੍ਹੇ ਦੇ ਬਾਂਦਰਾ ਪਿੰਡ ਕੋਲ ਇਕ ਝੁੱਗੀ ਵਿਚ ਰਹਿੰਦਾ ਸੀ ਅਤੇ ਰੋਜ਼ੀ-ਰੋਟੀ ਲਈ ਕਬਾੜ ਚੁੱਕਣ ਦਾ ਕੰਮ ਕਰਦਾ ਸੀ। ਅਧਿਕਾਰੀਆਂ ਮੁਤਾਬਕ ਸਾਰੇ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਵਿਚ ਦੋ ਨੌਜਵਾਨਾਂ ਨੂੰ ਵੀ ਫੜਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ਼ ਭਾਰਤੀ ਨਿਆਂ ਸੰਹਿਤਾ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।