Notice to varsity students on celebrating Holi in Pakistan
ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਸਥਿਤ ਸਰਕਾਰੀ ‘ਕਾਇਦ-ਏ-ਆਜ਼ਮ’ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕੈਂਪਸ ਵਿਚ ਹੋਲੀ ਮਨਾਉਣ ’ਤੇ ਅਨੁਸ਼ਾਸਨ ਭੰਗ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਉਨ੍ਹਾਂ 12 ਜੂਨ ਨੂੰ ਕੈਂਪਸ ਵਿਚ ਹੋਲੀ ਖੇਡੀ ਸੀ। ਇਹ ਸਮਾਗਮ ’ਵਰਸਿਟੀ ਦੀ ‘ਮਹਿਰਾਨ ਵਿਦਿਆਰਥੀ ਕੌਂਸਲ’ ਵੱਲੋਂ ਕਰਾਇਆ ਗਿਆ ਸੀ ਜੋ ਕਿ ਯੂਨੀਵਰਸਿਟੀ ਦਾ ਇਕ ਗੈਰ-ਸਿਆਸੀ ਸਭਿਆਚਾਰਕ ਸੰਗਠਨ ਹੈ। ਯੂਨੀਵਰਸਿਟੀ ਨਿਊਜ਼ ਬਾਰੇ ਬਣੇ ਇਕ ਸੋਸ਼ਲ ਮੀਡੀਆ ਪੇਜ ’ਤੇ ਵਿਦਿਆਰਥੀਆਂ ਦੀ ਹੋਲੀ ਖੇਡਦਿਆਂ ਦੀ ਇਕ ਵੀਡੀਓ ਪੋਸਟ ਕੀਤੀ ਗਈ ਸੀ ਜਿਸ ਵਿਚ ਉਹ ਖੁੱਲ੍ਹ ਕੇ ਨੱਚਦੇ ਹੋਏ ਨਜ਼ਰ ਆ ਰਹੇ ਹਨ। ਕੈਪਸ਼ਨ ਵਿਚ ਲਿਖਿਆ ਗਿਆ ਸੀ, ‘ਇਸਲਾਮਾਬਾਦ, ਪਾਕਿਸਤਾਨ ਦੀ ਕਾਇਦ-ਏ-ਆਜ਼ਮ ਯੂਨੀਵਰਸਿਟੀ ਵਿਚ ਹੋਲੀ ਦੇ ਜਸ਼ਨ। ਪਾਕਿਸਤਾਨ ਦਾ ਸਭ ਤੋਂ ਵੱਡਾ ਹੋਲੀ ਜਸ਼ਨ।’ ਟਵਿੱਟਰ ਹਾਲਾਂਕਿ ਇਸ ਪੋਸਟ ਉਤੇ ਵੰਡਿਆ ਹੋਇਆ ਨਜ਼ਰ ਆਇਆ। ਇਸ ਸਮਾਰੋਹ ਨੂੰ ਰਲਵੀਂ-ਮਿਲਵੀਂ ਪ੍ਰਤੀਕਿਰਿਆ ਮਿਲੀ। ਦੱਸਣਯੋਗ ਹੈ ਕਿ 18 ਮਈ ਨੂੰ ਯੂਨੀਵਰਸਿਟੀ ਦੇ ਰਜਿਸਟਰਾਰ ਦਫ਼ਤਰ ਨੇ ਇਕ ਨੋਟਿਸ ਜਾਰੀ ਕਰਦਿਆਂ ਕਿਹਾ ਸੀ ਕਿ ’ਵਰਸਿਟੀ ਪ੍ਰਸ਼ਾਸਨ ਦੀ ਮਨਜ਼ੂਰੀ ਬਿਨਾਂ ਕੈਂਪਸ ਵਿਚ ਕੋਈ ਵੀ ਤਿਉਹਾਰ ਨਹੀਂ ਮਨਾਇਆ ਜਾ ਸਕਦਾ। ਇਨ੍ਹਾਂ ਅਣ-ਅਧਿਕਾਰਤ ਜਸ਼ਨਾਂ ਵਿਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ।