ਪੰਜਾਬ ਦੇ ਲੋਕ ਹੋ ਜਾਓ ਸਾਵਧਾਨ! ਹੜ੍ਹਾਂ ਤੋਂ ਬਾਅਦ ਆ ਗਈ ਇੱਕ ਹੋਰ ਮੁਸੀਬਤ...ਵੱਧ ਰਹੇ ਇਸ ਬਿਮਾਰੀ ਦੇ ਪਾਜ਼ਿਟਿਵ ਕੇਸ
ਜਲੰਧਰ ਦੇ ਲੋਕਾਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ, ਵੀਰਵਾਰ ਨੂੰ 5 ਲੋਕਾਂ ਦੀ ਡੇਂਗੂ ਰਿਪੋਰਟ ਪਾਜ਼ਿਟਿਵ ਆਉਣ ਕਾਰਨ ਜ਼ਿਲ੍ਹੇ ਵਿੱਚ ਡੇਂਗੂ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ 15 ਤੱਕ ਪਹੁੰਚ ਗਈ ਹੈ। ਇਹਨਾਂ ਵਿੱਚੋਂ 6 ਮਰੀਜ਼ ਸ਼ਹਿਰੀ ਇਲਾਕਿਆਂ ਦੇ ਹਨ, ਜਦਕਿ 9 ਮਰੀਜ਼ ਪਿੰਡਾਂ ਦੇ ਰਹਿਣ ਵਾਲੇ ਹਨ। ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਅਤੇ ਡੇਂਗੂ ਫੈਲਣ ਤੋਂ ਬਚਾਅ ਲਈ ਜਲਦੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਖੁੱਲ੍ਹੇ ਪਾਣੀ ਦੇ ਟੰਕੀ, ਬੇਕਾਰ ਹੋਏ ਬਰਤਨ, ਜਿਨ੍ਹਾਂ ਨੂੰ ਘਰ ਦੇ ਬਾਹਰ ਕਿਸੇ ਕੋਣੇ ਚ ਰੱਖ ਦਿੱਤਾ ਜਾਂਦਾ ਤਾਂ ਉਸ ਵਿੱਚ ਮੱਛਰ ਪੈਦਾ ਹੋ ਸਕਦੇ ਹਨ, ਇਸ ਤੋਂ ਇਲਾਵਾ ਕੁੱਝ ਹੋਰ ਥਾਵਾਂ ਹੁੰਦੀਆਂ ਜਿੱਥੇ ਮੱਛਰ ਪੈਂਦਾ ਹੋ ਜਾਂਦੇ ਹਨ, ਉਸ ਨੂੰ ਸਾਫ਼ ਰੱਖਣ। ਇਸਦੇ ਨਾਲ ਹੀ ਲੋਕ ਆਪਣੀ ਸਿਹਤ ਦਾ ਪੂਰੀ ਤਰ੍ਹਾਂ ਧਿਆਨ ਰੱਖਣ ਅਤੇ ਡੇਂਗੂ ਦੇ ਲੱਛਣ ਆਉਣ ‘ਤੇ ਤੁਰੰਤ ਡਾਕਟਰੀ ਸਹਾਇਤਾ ਲੈਣ।ਜ਼ਿਲ੍ਹਾ ਐਪੀਡੈਮੋਲੋਜਿਸਟ ਡਾ. ਆਦਿਤਿਆ ਪਾਲ ਨੇ ਦੱਸਿਆ ਕਿ ਵੀਰਵਾਰ ਨੂੰ ਡੇਂਗੂ ਸ਼ੱਕੀ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 5 ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਇਨ੍ਹਾਂ ਵਿੱਚੋਂ 3 ਮਰੀਜ਼ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਪਾਏ ਗਏ। ਡਾ. ਆਦਿਤਿਆ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਐਂਟੀ-ਲਾਰਵਾ ਟੀਮਾਂ ਨੇ ਵੀਰਵਾਰ ਨੂੰ 3065 ਘਰਾਂ ਦਾ ਸਰਵੇ ਕੀਤਾ ਅਤੇ 15 ਥਾਵਾਂ 'ਤੇ ਡੇਂਗੂ ਫੈਲਾਉਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ। ਵਿਭਾਗ ਦੀਆਂ ਟੀਮਾਂ ਹੁਣ ਤੱਕ ਜ਼ਿਲ੍ਹੇ ਵਿੱਚ 408757 ਘਰਾਂ ਦਾ ਸਰਵੇ ਕਰ ਚੁੱਕੀਆਂ ਹਨ ਅਤੇ ਇਸ ਦੌਰਾਨ 1122 ਘਰਾਂ ਅਤੇ 1258 ਕੰਟੇਨਰਾਂ ਵਿੱਚ ਲਾਰਵਾ ਮਿਲਿਆ, ਜਿਸ ਨੂੰ ਉਨ੍ਹਾਂ ਨੇ ਪੂਰੀ ਤਰ੍ਹਾਂ ਨਸ਼ਟ ਕਰਵਾ ਦਿੱਤਾ। ਡੇਂਗੂ ਇੱਕ ਮੱਛਰਾਂ ਵੱਲੋਂ ਫੈਲਣ ਵਾਲੀ ਬਿਮਾਰੀ ਹੈ, ਜਿਸਦੇ ਮੁੱਖ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ, ਥਕਾਵਟ ਅਤੇ ਚੱਕਰ ਆਉਣਾ ਸ਼ਾਮਿਲ ਹਨ। ਡੇਂਗੂ ਦੇ ਇਲਾਜ ਲਈ ਵਿਸ਼ੇਸ਼ ਦਵਾਈ ਨਹੀਂ ਹੈ, ਪਰ ਮਰੀਜ਼ ਨੂੰ ਪੂਰਾ ਆਰਾਮ ਕਰਵਾਉਣਾ, ਜ਼ਿਆਦਾ ਪਾਣੀ ਪਿਲਾਉਣਾ ਅਤੇ ਬੁਖਾਰ ਘਟਾਉਣ ਵਾਲੀਆਂ ਦਵਾਈਆਂ ਵਰਤਣਾ ਜ਼ਰੂਰੀ ਹੈ। ਜੇ ਲੱਛਣ ਗੰਭੀਰ ਹੋਣ, ਰਕਤ ਕਮੀ ਜਾਂ ਥਕਾਵਟ ਵਧਣ ਦੀ ਸਥਿਤੀ ਆਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।