ਚੰਨ ਦੇ ਸ਼ਾਇਦ ਸਭ ਤੋਂ ਪੁਰਾਣੇ ਕ੍ਰੇਟਰ 'ਤੇ ਉਤਰਿਆ ਸੀ ਚੰਦਰਯਾਨ-3
ਨਵੀਂ ਦਿੱਲੀ (ਭਾਸ਼ਾ)- ਭਾਰਤ ਦਾ 'ਚੰਦਰਯਾਨ-3' ਸ਼ਾਇਦ ਚੰਨ ਦੇ ਸਭ ਤੋਂ ਪੁਰਾਣੇ 'ਕ੍ਰੇਟਰ' 'ਤੇ ਉਤਰਿਆ ਸੀ। ਮਿਸ਼ਨਾਂ ਤੇ ਉਪਗ੍ਰਹਿ ਤੋਂ ਮਿਲੀਆਂ ਤਸਵੀਰਾਂ ਦਾ ਵਿਸ਼ਲੇਸ਼ਣ ਕਰਨ ਵਾਲੇ ਵਿਗਿਆਨੀਆਂ ਨੇ ਇਹ ਸੰਭਾਵਨਾ ਪ੍ਰਗਟਾਈ ਹੈ। ਕਿਸੇ ਵੀ ਗ੍ਰਹਿ, ਉਪਗ੍ਰਹਿ ਜਾਂ ਹੋਰ ਆਕਾਸ਼ੀ ਵਸਤੂ ਤੇ ਬਣੇ ਟੋਏ ਨੂੰ 'ਕ੍ਰੇਟਰ' ਕਿਹਾ ਜਾਂਦਾ ਹੈ। ਇਹ 'ਕ੍ਰੇਟਰ' ਜਵਾਲਾਮੁਖੀ ਫਟਣ ਨਾਲ ਬਣਦੇ ਹਨ। ਇਸ ਤੋਂ ਇਲਾਵਾ ਜਦੋਂ ਇਕ ਉਲਕਾਪਿੰਡ ਕਿਸੇ ਹੋਰ 'ਪਿੰਡ' ਨਾਲ ਟਕਰਾਅ ਜਾਂਦਾ ਹੈ ਤਾਂ ਵੀ 'ਕ੍ਰੇਟਰ' ਬਣਦੇ ਹਨ।ਭੌਤਿਕ ਖੋਜ ਪ੍ਰਯੋਗਸ਼ਾਲਾ ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਖੋਜਕਰਤਾਵਾਂ ਨੇ ਕਿਹਾ ਕਿ ਚੰਦਰਯਾਨ ਜਿਸ ਥਾਂ 'ਤੇ ਉਤਰਿਆ ਸੀ, ਉਹ ਨੈਕਟੇਰੀਅਨ ਸਮੇ ਦੌਰਾਨ ਬਣਿਆ ਸੀ। ਇਹ ਸਮਾਂ 3.85 ਬਿਲੀਅਨ ਸਾਲ ਪੁਰਾਣਾ ਹੈ । ਇਹ ਚੰਨ ਦੇ ਸਭ ਤੋਂ ਪੁਰਾਣੇ ਦੌਰ 'ਚੋਂ ਇਕ ਹੈ। ਭੌਤਿਕ ਖੋਜ ਪ੍ਰਯੋਗਸ਼ਾਲਾ ਦੇ ਪਲੈਨੇਟਰੀ ਸਾਇੰਸ ਡਿਵੀਜ਼ਨ 'ਚ 'ਐਸੋਸੀਏਟ ਪ੍ਰੋਫੈਸਰ' ਐੱਸ. ਵਿਜਯਨ ਨੇ ਕਿਹਾ ਕਿ ਚੰਦਰਯਾਨ-3 ਜਿਸ ਥਾਂ 'ਤੇ ਉਤਰਿਆ, ਉਹ ਇਕ ਵਿਲੱਖਣ ਭੂ-ਵਿਗਿਆਨਕ ਥਾਂ ਹੈ। ਉੱਥੇ ਕੋਈ ਹੋਰ ਮਿਸ਼ਨ ਅੱਜ ਤਕ ਨਹੀਂ ਪਹੁੰਚਿਆ। ਮਿਸ਼ਨ ਦੇ ਰੋਵਰ ਤੋਂ ਮਿਲੀਆਂ ਤਸਵੀਰਾਂ ਇਸ ਅਕਸ਼ਾਂਸ਼ 'ਤੇ ਉਸ ਵੱਲੋਂ ਲਈਆਂ ਗਈਆਂ ਚੰਨ ਦੀਆਂ ਪਹਿਲੀਆਂ ਤਸਵੀਰਾਂ ਹਨ। ਇਹ ਦਰਸਾਉਂਦੀਆਂ ਹਨ ਕਿ ਸਮੇਂ ਦੇ ਨਾਲ ਚੰਨ ਦਾ ਵਿਕਾਸ ਕਿਵੇਂ ਹੋਇਆ।