2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਰੇਲਵੇ ਇੰਜੀਨੀਅਰ ਗ੍ਰਿਫ਼ਤਾਰ
ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਉੱਤਰ ਪ੍ਰਦੇਸ਼ ਦੇ ਵਾਰਾਣਸੀ 'ਚ ਇਕ ਠੇਕੇਦਾਰ ਤੋਂ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਪੂਰਬ-ਉੱਤਰ ਰੇਲਵੇ ਦੇ ਸੀਨੀਅਰ ਮੰਡਲ ਇੰਜੀਨੀਅਰ ਸੱਤਿਅਮ ਕੁਮਾਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਸਿੰਘ ਨੇ 25 ਜੁਲਾਈ ਨੂੰ ਠੇਕੇਦਾਰ ਨੂੰ ਥਾਵੇ ਤੋਂ ਛਪਰਾ ਤੱਕ ਰੇਲ ਦੀ ਪੱਟੜੀਆਂ ਵਿਛਾਉਣ ਲਈ ਚਾਰ ਕਰੋੜ ਰੁਪਏ ਦੇ ਪ੍ਰਾਜੈਕਟ ਸੌਂਪੇ ਸਨ।ਸੀ.ਬੀ.ਆਈ. ਦੇ ਇਕ ਬੁਲਾਰੇ ਨੇ ਇਕ ਬਿਆਨ 'ਚ ਕਿਹਾ,''ਅਜਿਹਾ ਦੋਸ਼ ਹੈ ਕਿ ਦੋਸ਼ੀ ਨੇ ਸ਼ਿਕਾਇਤਕਰਤਾ ਤੋਂ 2 ਲੱਖ ਰੁਪਏ ਰਿਸ਼ਵਤ ਮੰਗੀ ਅਤੇ ਰਿਸ਼ਵਤ ਨਾ ਦੇਣ 'ਤੇ ਭਵਿੱਖ 'ਚ ਉਸ ਦੇ ਬਿੱਲ ਪਾਸ ਨਾ ਕਰਨ ਅਤੇ ਕੰਮ ਰੁਕਵਾਉਣ ਦੀ ਧਮਕੀ ਦਿੱਤੀ।'' ਬਿਆਨ 'ਚ ਕਿਹਾ ਗਿਆ ਹੈ ਕਿ ਸਿੰਘ ਨੂੰ ਠੇਕੇਦਾਰ ਤੋਂ ਰਿਸ਼ਵਤ ਮੰਗਦੇ ਅਤੇ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਫੜ ਲਿਆ ਗਿਆ।