ਜਥੇਦਾਰ ਵਲੋਂ ਸੱਦੀ ਇਕੱਤਰਤਾ 'ਤੇ ਸਰਨਾ ਦਾ ਵੱਡਾ ਬਿਆਨ
ਨਵੀਂ ਦਿੱਲੀ : DSGMC ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਆਗੂ ਹਰਵਿੰਦਰ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ 'ਤੇ ਇਕੱਤਰਤਾ ਸੱਦਣ 'ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਹਨ। ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਸਿੱਖ ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਇਕੱਤਰਤਾ ਸੱਦਣ 'ਤੇ ਸਰਨਾ ਨੇ ਜਥੇਦਾਰ 'ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਕੌਮ ਨੂੰ ਮਜ਼ਬੂਤ ਜਥੇਦਾਰ ਦੀ ਲੋੜ ਹੈ। ਜਥੇਦਾਰ ਇੱਜੜ ਸੱਦ ਕੇ ਫ਼ੈਸਲੇ ਨਹੀਂ ਲੈਂਦੇ। ਸਰਨਾ ਨੇ ਕਿਹਾ ਕੀ ਜਥੇਦਾਰ ਆਪ ਫ਼ੈਸਲਾ ਦੇਣ ਜਾਂ ਲੈਣ ਦੇ ਕਾਬਿਲ ਨਹੀਂ ਹਨ? ਜੇਕਰ ਉਹ ਫ਼ੈਸਲਾ ਨਹੀਂ ਲੈ ਸਕਦੇ ਸੀ ਤਾਂ ਜਥੇਦਾਰ ਕੋਈ ਫ਼ੈਸਲਾ ਨਾ ਲੈਂਦੇ। ਸਰਨਾ ਨੇ ਕਿਹਾ ਕਿ ਜੇ ਉਹਨਾਂ ਦੀ ਇਸ ਸਬੰਧ ਵਿਚ ਮਜ਼ਬੂਤੀ ਨਹੀਂ ਸੀ ਤਾਂ ਉਹ ਇਸ ਪਾਸੇ ਨਾ ਆਉਂਦੇ। ਇਸ ਦੌਰਾਨ ਸਰਨਾ ਨੇ ਕਿਹਾ ਕਿ ਜਥੇਦਾਰ ਯੂਨੀਅਨਬਾਜ਼ੀ ਵਿਚ ਪੈ ਗਏ ਹਨ। ਜਥੇਦਾਰ ਜੋ ਵੀ ਫ਼ੈਸਲਾ ਲੈਣਾ ਚਾਹੁੰਦੇ ਹਨ, ਉਹ ਆਪਣੇ ਆਪ ਵਿਚ ਵਿਵੇਕ ਹੋ ਕੇ ਲੈਣ, ਕਿਉਂਕਿ ਉਹਨਾਂ ਕੋਲ ਬਹੁਤ ਸਾਰੀਆਂ ਸ਼ਕਤੀਆਂ ਹੁੰਦੀਆਂ ਹਨ ਅਤੇ ਉਹਨਾਂ ਨੂੰ ਕਿਸੇ ਦੀ ਕੋਈ ਸਲਾਹ ਲੈਣ ਦੀ ਲੋੜ ਨਹੀਂ। ਦੱਸ ਦੇਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਮਲੇ 'ਚ ਅਹਿਮ ਇਕੱਤਰਤਾ ਸੱਦੀ ਗਈ ਹੈ। ਜਥੇਦਾਰ ਨੇ ਇਸ ਇਕੱਤਰਤਾ ਲਈ ਸਿੱਖ ਵਿਦਵਾਨਾਂ, ਬੁੱਧੀਜੀਵੀਆਂ ਸਮੇਤ ਕਈ ਪੱਤਰਕਾਰਾਂ ਨੂੰ ਵੀ ਸੱਦਾ ਦਿੱਤਾ ਹੈ। ਜਥੇਦਾਰ ਸਾਹਿਬ ਵੱਲੋਂ ਇਹ ਮੀਟਿੰਗ 6 ਨਵੰਬਰ ਨੂੰ ਸੱਦੀ ਗਈ ਹੈ। ਉਪਰੰਤ ਇਸ ਮੀਟਿੰਗ ਤੋਂ ਬਾਅਦ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵੀ ਹੋਵੇਗੀ, ਜਿਸ ਦੌਰਾਨ ਫ਼ੈਸਲਾ ਲਿਆ ਜਾਵੇਗਾ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਹੜੀ ਸਜ਼ਾ ਦਿੱਤੀ ਜਾਵੇ।