ਹੋਸਟਲ ਦੇ ਕਮਰੇ 'ਚ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਬਰਾਮਦ
ਪਟਨਾ- ਪਟਨਾ ਦੇ ਬਿਹਟਾ ਸਥਿਤ ਰਾਸ਼ਟਰੀ ਤਕਨਾਲੋਜੀ ਸੰਸਥਾ (NIT) ਦੀ ਇਕ ਵਿਦਿਆਰਥਣ ਨੇ ਸੰਸਥਾ ਦੇ ਹੋਸਟਲ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਟਨਾ ਦੇ ਬਾਹਰੀ ਇਲਾਕੇ ਬਿਹਟਾ ਵਿਚ ਸਥਿਤ NIT ਦੀ ਇਸ ਸ਼ਾਖਾ ਵਿਚ ਪੜ੍ਹ ਰਹੀ ਵਿਦਿਆਰਥਣ ਆਂਧਰਾ ਪ੍ਰਦੇਸ਼ ਦੀ ਵਸਨੀਕ ਸੀ। ਪੁਲਸ ਨੇ ਘਟਨਾ ਵਾਲੀ ਥਾਂ ਤੋਂ ਇਕ ਸੁਸਾਈਡ ਨੋਟ ਬਰਾਮਦ ਕੀਤਾ ਹੈ। ਪਟਨਾ ਪੁਲਸ ਵਲੋਂ ਸ਼ਨੀਵਾਰ ਨੂੰ ਜਾਰੀ ਬਿਆਨ ਮੁਤਾਬਕ ਸ਼ੁੱਕਰਵਾਰ ਰਾਤ ਕਰੀਬ ਸਵਾ 10 ਵਜੇ ਪੁਲਸ ਨੂੰ ਇਕ ਫੋਨ ਕਾਲ ਜ਼ਰੀਏ ਦੱਸਿਆ ਗਿਆ ਕਿ ਇਕ ਵਿਦਿਆਰਥਣ ਨੇ ਆਪਣੇ ਹੋਸਟਲ ਦੇ ਕਮਰੇ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ।ਪੁਲਸ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ ਉਸ ਦੀ ਲਾਸ਼ ਲਟਕੀ ਹੋਈ ਮਿਲੀ। ਵਿਦਿਆਰਥਣ ਨੂੰ ਨੇੜੇ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਵਿਦਿਆਰਥਣ ਦਾ ਨਾਂ ਨਹੀਂ ਦੱਸਿਆ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ। ਵਿਦਿਆਰਥਣ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਹੈ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਹੈ ਅਤੇ ਮੌਕੇ ਤੋਂ ਸਾਰੇ ਵਿਗਿਆਨਕ ਸੂਬਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਅੱਗੇ ਦੀ ਜਾਂਚ ਜਾਰੀ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਘਟਨਾ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਵਿਦਿਆਰਥਣ ਦੀ ਮੌਤ ਦੀ ਖ਼ਬਰ ਫੈਲਦੇ ਹੀ ਵੱਡੀ ਗਿਣਤੀ ਵਿਚ ਇਕੱਠੇ NIT ਸੰਸਥਾ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕੀਤੀ।