ਭਾਜਪਾ ਵਿਧਾਇਕ ਨੇ ਸਵਾਲ ਪੁੱਛਣ ਵਾਲੇ ਵਿਅਕਤੀ ਨੂੰ ਰੈਲੀ 'ਚੋਂ ਕੱਢਿਆ ਬਾਹਰ
ਛਤਰਪਤੀ ਸੰਭਾਜੀਨਗਰ (ਭਾਸ਼ਾ)- ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਪ੍ਰਸ਼ਾਂਤ ਬੰਬ ਦੇ ਸਮਰਥਕਾਂ ਨੇ ਇਕ ਵਿਅਕਤੀ ਨੂੰ ਰੈਲੀ 'ਚੋਂ ਇਸ ਲਈ ਧੱਕਾ ਦੇ ਦਿੱਤਾ ਕਿਉਂਕਿ ਉਹ ਵਿਧਾਇਕ ਦੇ ਪਿਛਲੇ ਚੋਣ ਵਾਅਦਿਆਂ 'ਤੇ ਵਾਰ-ਵਾਰ ਸਵਾਲ ਪੁੱਛ ਰਿਹਾ ਸੀ। ਵਿਧਾਇਕ ਪ੍ਰਸ਼ਾਂਤ ਬੰਬ ਨੇ ਉਕਤ ਵਿਅਕਤੀ ਨੂੰ ਆਪਣੇ ਵਿਰੋਧੀ ਉਮੀਦਵਾਰ ਦੇ ਕੈਂਪ ਦਾ ਮੈਂਬਰ ਦੱਸਿਆ ਅਤੇ ਉਸ 'ਤੇ ਪ੍ਰੋਗਰਾਮ ਵਿਚ ਵਿਘਨ ਪਾਉਣ ਅਤੇ ਬੋਲਣ ਨਾ ਦੇਣ ਦਾ ਦੋਸ਼ ਲਗਾਇਆ। ਕਥਿਤ ਘਟਨਾ ਉਦੋਂ ਵਾਪਰੀ ਜਦੋਂ ਗੰਗਾਪੁਰ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਬੰਬ ਸ਼ੁੱਕਰਵਾਰ ਰਾਤ ਗਵਲੀ ਸ਼ਿਵਰਾ ਪਿੰਡ 'ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਭਾਜਪਾ ਨੇ 20 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਬੰਬ ਨੂੰ ਮੁੜ ਆਪਣਾ ਉਮੀਦਵਾਰ ਬਣਾਇਆ ਹੈ ਅਤੇ ਉਨ੍ਹਾਂ ਦਾ ਮੁਕਾਬਲਾ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ)-ਸ਼ਰਦ ਚੰਦਰ ਪਵਾਰ ਪਾਰਟੀ ਦੇ ਉਮੀਦਵਾਰ ਸਤੀਸ਼ ਚਵਾਨ ਨਾਲ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਇਕ ਵਿਅਕਤੀ ਨੂੰ ਬੰਬ ਤੋਂ ਉਨ੍ਹਾਂ ਦੇ ਪਿਛਲੇ ਚੋਣ ਵਾਅਦਿਆਂ 'ਤੇ ਸਵਾਲ ਕਰਦੇ ਸੁਣਿਆ ਜਾ ਸਕਦਾ ਹੈ। ਵੀਡੀਓ 'ਚ ਭਾਜਪਾ ਵਿਧਾਇਕ ਕਥਿਤ ਤੌਰ 'ਤੇ ਕਹਿ ਰਹੇ ਹਨ, "ਤੁਹਾਨੂੰ ਮਰਦੇ ਦਮ ਤੱਕ ਪਛਤਾਉਣਾ ਪਵੇਗਾ।" ਜਿਸ ਤੋਂ ਤੁਰੰਤ ਬਾਅਦ ਬੰਬ ਆਪਣੇ ਸਮਰਥਕਾਂ ਨੂੰ ਉਸ ਵਿਅਕਤੀ ਨੂੰ ਸਥਾਨ ਤੋਂ ਬਾਹਰ ਕੱਢਣ ਲਈ ਕਹਿੰਦੇ ਹਨ। ਵੀਡੀਓ 'ਚ ਇਸ ਘਟਨਾ ਤੋਂ ਬਾਅਦ ਹੰਗਾਮਾ ਹੁੰਦੇ ਦੇਖਿਆ ਜਾ ਸਕਦਾ ਹੈ। ਇਸ ਘਟਨਾ ਬਾਰੇ ਪੁੱਛੇ ਜਾਣ 'ਤੇ ਬੰਬ ਨੇ ਪੱਤਰਕਾਰਾਂ ਨੂੰ ਕਿਹਾ,“ਉਹ ਵਿਅਕਤੀ 30 ਮਿੰਟਾਂ ਤੋਂ ਬੋਲ ਰਿਹਾ ਸੀ। ਉਹ ਮੈਨੂੰ ਆਪਣਾ ਭਾਸ਼ਣ ਦੇਣ ਤੋਂ ਰੋਕਣ ਲਈ ਅਜਿਹਾ ਕਰ ਰਿਹਾ ਸੀ।” ਵਿਧਾਇਕ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਨੇ ਉਨ੍ਹਾਂ ਦੇ ਪ੍ਰੋਗਰਾਮ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਉਨ੍ਹਾਂ ਨੇ ਕਿਹਾ,''ਮੈਂ ਪਹਿਲਾਂ ਵੀ 28 ਵਾਰ ਅਜਿਹੇ ਲੋਕਾਂ ਨੂੰ ਮਿਲਿਆ ਹਾਂ। ਉਹ ਮੇਰੇ ਵਿਰੋਧੀ ਸਤੀਸ਼ ਚਵਾਨ ਦਾ ਸਮਰਥਕ ਹੈ। ਉਹ ਉਸ ਦੀ ਕਾਰ 'ਚ ਘੁੰਮ ਰਹੇ ਸਨ।” ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਵਿਚ ਵਿਰੋਧੀ ਧਿਰ ਦੇ ਨੇਤਾ ਅੰਬਦਾਸ ਦਾਨਵੇ ਨੇ ਬੰਬ 'ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਵਿਅਕਤੀ ਨੂੰ ਸਵਾਲ ਪੁੱਛਣ 'ਤੇ ਧਮਕਾਇਆ ਗਿਆ। ਉਨ੍ਹਾਂ ਨੇ 'ਐਕਸ' 'ਤੇ ਪੁੱਛਿਆ,“ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੋਧੀ ਨੇਤਾਵਾਂ ਨੂੰ ਖੁੱਲ੍ਹੀ ਚਰਚਾ ਲਈ ਸੱਦਾ ਦੇ ਰਹੇ ਹਨ। ਕੀ ਭਾਜਪਾ ਵਿਧਾਇਕ ਵੱਲੋਂ ਸਵਾਲਾਂ 'ਤੇ ਆਮ ਆਦਮੀ ਨੂੰ ਧਮਕਾਉਣਾ ਸਹੀ ਹੈ? ਕੀ ਉਨ੍ਹਾਂ ਦੀ ਪਾਰਟੀ ਉਨ੍ਹਾਂ ਨੂੰ ਇਹ ਸਿਖਾਉਂਦੀ ਹੈ ਕਿ ਜੇਕਰ ਤੁਸੀਂ ਜਵਾਬ ਨਹੀਂ ਦੇ ਸਕਦੇ ਤਾਂ ਉਸ ਵਿਅਕਤੀ ਨੂੰ ਧਮਕੀ ਦਿਓ।''