ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਅਦਾਲਤ ਨੇ ਸੁਣਾਈ ਮਿਸਾਲੀ ਸਜ਼ਾ, ਹੁਣ ਜਾਣਾ ਪਵੇਗਾ ਜੇਲ੍ਹ
ਫਤਹਿਗੜ੍ਹ ਸਾਹਿਬ (lovepreet)- ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਮਾਣਯੋਗ ਅਦਾਲਤ ਵੱਲੋਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਪਿੰਡ ਤਰਖਾਣ ਮਾਜਰਾ ਤੇ ਪਿੰਡ ਜੱਲਾ ਵਿਖੇ ਸਾਲ 2020 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਕਥਿਤ ਮੁਲਜ਼ਮ ਨੂੰ ਸਜ਼ਾ ਸੁਣਾਈ ਗਈ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਦੇ ਪਿੰਡ ਦੇ ਰਹਿਣ ਵਾਲੇ ਸਹਿਜਵੀਰ ਸਿੰਘ ਵੱਲੋਂ 12 ਅਕਤੂਬਰ 2020 ਨੂੰ ਪਿੰਡ ਤਰਖਾਣ ਮਾਜਰਾ ਤੇ ਪਿੰਡ ਜੱਲਾ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਵੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ, ਜਿਸ ਮਾਮਲੇ ’ਚ ਮੁਲਜ਼ਮ ਸਹਿਜਵੀਰ ਖਿਲਾਫ ਥਾਣਾ ਸਰਹਿੰਦ ਵਿਖੇ 2 ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਦੋਵੇਂ ਹੀ ਮਾਮਲਿਆਂ ’ਚ ਫਤਹਿਗੜ੍ਹ ਸਾਹਿਬ ਦੀ ਮਾਣਯੋਗ ਅਦਾਲਤ ਨੇ ਸਹਿਜਵੀਰ ਨੂੰ 5-5 ਸਾਲ ਦੀ ਕੈਦ ਅਤੇ 5-5 ਹਜ਼ਾਰ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਹ ਦੋਵੇਂ ਹੀ ਸਜ਼ਾਵਾਂ ਨਾਲੋਂ-ਨਾਲ 5 ਸਾਲ ਚੱਲਣਗੀਆਂ।