ਆਸਟ੍ਰੇਲੀਆ ਗਈ ਨੂੰਹ ਨੇ ਚਾੜ੍ਹਿਆ ਚੰਨ, ਪਤੀ ਨੂੰ ਭੁਲਾ ਕਰਵਾ ਲਿਆ ਦੂਜਾ ਵਿਆਹ
ਪਟਿਆਲਾ/ਸਨੌਰ (ਮਨਦੀਪ ਜੋਸਨ) : ਸਨੌਰ ਦੇ ਮੁਹੱਲਾ ਆਹਲੂਵਾਲੀਆ ਵਿਖੇ ਰਹਿਣ ਵਾਲੇ ਪੰਕਜ ਸ਼ਰਮਾ ਨਾਲ ਉਸ ਦੀ ਪਤਨੀ ਨੇ ਵੱਡਾ ਧੋਖਾ ਕੀਤਾ। ਪੰਕਜ ਸ਼ਰਮਾ ਦਾ ਵਿਆਹ ਕੰਚਨ ਰਾਣੀ ਨਾਂ ਦੀ ਕੁੜੀ ਦੇ ਨਾਲ ਹੋਇਆ ਸੀ। ਕੰਚਨ ਵੱਲੋਂ ਆਸਟ੍ਰੇਲੀਆ ਜਾ ਕੇ ਬਿਨਾਂ ਪਤੀ ਨੂੰ ਦੱਸੇ ਦੂਸਰਾ ਵਿਆਹ ਕਰਵਾ ਲਿਆ ਗਿਆ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ’ਚ ਕੰਚਨ ਰਾਣੀ ਅਤੇ ਉਸ ਦੀ ਮਾਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੰਕਜ ਸ਼ਰਮਾ ਸਨੌਰ ਦੇ ਆਹਲੂਵਾਲੀਆ ਮੁਹੱਲੇ ’ਚ ਰਹਿਣ ਵਾਲਾ ਹੈ।ਉਸ ਦਾ ਕੁੱਝ ਸਮਾਂ ਪਹਿਲਾਂ ਕੰਚਨ ਰਾਣੀ ਦੇ ਨਾਲ ਵਿਆਹ ਹੋਇਆ ਸੀ। ਵਿਆਹ ਤੋਂ ਕੁੱਝ ਸਮੇਂ ਤੱਕ ਸਭ ਕੁੱਝ ਠੀਕ ਚੱਲਦਾ ਰਿਹਾ ਪਰ ਇਸ ਤੋਂ ਬਾਅਦ ਕੰਚਨ ਸ਼ਰਮਾ ਨੇ ਆਸਟ੍ਰੇਲੀਆ ਜਾਣ ਦੀ ਗੱਲ ਕੀਤੀ ਅਤੇ ਕਿਹਾ ਕਿ ਵਿਆਹ ਤੋਂ ਬਾਅਦ ਪੰਕਜ ਸ਼ਰਮਾ ਨੂੰ ਵੀ ਆਸਟ੍ਰੇਲੀਆ ਬੁਲਾਵੇਗੀ। ਇਸ ਤੋਂ ਬਾਅਦ ਪੰਕਜ ਸ਼ਰਮਾ ਨੇ ਆਸਟ੍ਰੇਲੀਆ ਜਾਣ ਦਾ ਸਾਰਾ ਖ਼ਰਚਾ ਕੰਚਨ ਰਾਣੀ ਦਾ ਆਪਣੀ ਤਰਫੋਂ ਕੀਤਾ। ਬਾਹਰ ਜਾਣ ਤੋਂ ਕੁੱਝ ਦਿਨ ਬਾਅਦ ਕੰਚਨ ਆਪਣੇ ਪਤੀ ਪੰਕਜ ਸ਼ਰਮਾ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੀ ਰਹੀ। ਫਿਰ ਕੁੱਝ ਸਮਾਂ ਬਾਅਦ ਕੰਚਨ ਨੇ ਆਸਟ੍ਰੇਲੀਆ ’ਚ ਆਪਣੇ ਪਤੀ ਪੰਕਜ ਸ਼ਰਮਾ ਨੂੰ ਤਲਾਕ ਦਿੱਤੇ ਬਿਨਾਂ ਆਪਣੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ ਦੂਜਾ ਵਿਆਹ ਕਰਵਾ ਲਿਆ।ਸਨੌਰ ਪੁਲਸ ਵੱਲੋਂ ਪੰਕਜ ਸ਼ਰਮਾ ਦੇ ਬਿਆਨਾਂ ’ਤੇ ਕੰਚਨ ਰਾਣੀ ਅਤੇ ਉਸ ਦੀ ਮਾਤਾ ਖ਼ਿਲਾਫ਼ ਜਿਹੜੇ ਕਿ ਫਾਜ਼ਿਲਕਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ, ਮਾਮਲਾ ਦਰਜ ਕੀਤਾ ਗਿਆ। ਪੀੜਤ ਪਰਿਵਾਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਹੈ। ਕੰਚਨ ਨੇ ਉਨ੍ਹਾਂ ਨੂੰ ਝੂਠ ਬੋਲ ਕੇ ਬਾਹਰ ਜਾ ਕੇ ਵਿਆਹ ਕਰਵਾ ਲਿਆ, ਜਦੋਂ ਕਿ ਉਨ੍ਹਾਂ ਦੇ ਮੁੰਡੇ ਨੂੰ ਵਿਆਹ ਤੋਂ ਬਾਅਦ ਬਾਹਰ ਬੁਲਾਉਣ ਦੀ ਗੱਲ ਕੀਤੀ ਗਈ ਸੀ ਪਰ ਉਸ ਵੱਲੋਂ ਇਹੋ ਜਿਹਾ ਕੁੱਝ ਨਹੀਂ ਕੀਤਾ ਗਿਆ। ਪੰਕਜ ਸ਼ਰਮਾ ਨੇ ਦੱਸਿਆ ਕਿ ਉਸ ਦੀ ਪਤਨੀ ਨੇ ਉਸ ਦੇ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ। ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਕੰਚਨ ਰਾਣੀ ਅਤੇ ਉਸ ਦੀ ਮਾਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।