ਹਜ਼ਾਰਾਂ ਅਧਿਆਪਕ ਕਰ ਦਿੱਤੇ ਪੱਕੇ, ਸਰਕਾਰ ਦਾ ਵੱਡਾ ਐਲਾਨ
ਨੈਸ਼ਨਲ ਡੈਸਕ : ਅਸਾਮ ਸਰਕਾਰ ਨੇ ਸੂਬੇ ਦੇ 4,669 ਠੇਕੇ 'ਤੇ ਰੱਖੇ ਅਧਿਆਪਕਾਂ ਨੂੰ ਪੱਕੀ ਨਿਯੁਕਤੀ ਦੇਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਦੱਸਿਆ ਕਿ ਸਿੱਖਿਆ ਖੇਤਰ ਵਿੱਚ ਸਥਿਰਤਾ ਅਤੇ ਗੁਣਵੱਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਹ ਕਦਮ ਚੁੱਕਿਆ ਗਿਆ ਹੈ। ਮੁੱਖ ਮੰਤਰੀ ਸਰਮਾ ਨੇ ਕਿਹਾ ਕਿ ਇਹ ਫ਼ੈਸਲਾ ਅਧਿਆਪਕਾਂ ਲਈ ਵੱਡਾ ਤੋਹਫ਼ਾ ਹੈ, ਜਿਸ ਨਾਲ ਉਨ੍ਹਾਂ ਦੀਆਂ ਸੇਵਾਵਾਂ ਦੀ ਸਥਿਰਤਾ ਯਕੀਨੀ ਹੋਵੇਗੀ। ਸਥਾਈ ਨਿਯੁਕਤੀਆਂ ਨਾਲ ਨਾ ਸਿਰਫ਼ ਅਧਿਆਪਕਾਂ ਨੂੰ ਨੌਕਰੀ ਦੀ ਸੁਰੱਖਿਆ ਮਿਲੇਗੀ, ਸਗੋਂ ਸਿੱਖਿਆ ਖੇਤਰ ਵਿੱਚ ਵੀ ਸੁਧਾਰ ਹੋਵੇਗਾ ਅਸਾਮ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਪਿਛਲੇ 14 ਸਾਲਾਂ ਤੋਂ ਠੇਕੇ 'ਤੇ (ਆਰਜ਼ੀ) ਵਜੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਹੁਣ ਪੱਕੇ (ਰੈਗੂਲਰ) ਕੀਤਾ ਜਾਵੇਗਾ। ਇਹ ਕਦਮ ਕਾਂਗਰਸ ਸਰਕਾਰ ਵੱਲੋਂ 2010 ਵਿੱਚ ਹਾਈ ਸਕੂਲਾਂ ਵਿੱਚ ਠੇਕੇ ’ਤੇ ਨਿਯੁਕਤ ਅਧਿਆਪਕਾਂ ਦੀ ਹਾਲਤ ਸੁਧਾਰਨ ਲਈ ਚੁੱਕਿਆ ਗਿਆ ਸੀ। ਇਸ ਸਮੇਂ ਹਾਈ ਸਕੂਲਾਂ ਵਿੱਚ 4,669 ਅਧਿਆਪਕ ਠੇਕੇ ’ਤੇ ਕੰਮ ਕਰ ਰਹੇ ਹਨ। ਇਨ੍ਹਾਂ ਅਧਿਆਪਕਾਂ ਨੂੰ ਪਹਿਲਾਂ 8,000 ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਮਿਲ ਰਿਹਾ ਸੀ, ਜਿਸ ਨੂੰ ਬਾਅਦ ਵਿੱਚ ਵਧਾ ਕੇ 15,000 ਰੁਪਏ ਅਤੇ ਫਿਰ 20,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਹੁਣ ਇਨ੍ਹਾਂ ਅਧਿਆਪਕਾਂ ਦੀ ਨੌਕਰੀ ਪੱਕੀ ਹੋਣ ਨਾਲ ਉਨ੍ਹਾਂ ਨੂੰ ਰੈਗੂਲਰ ਅਧਿਆਪਕਾਂ ਵਾਂਗ ਹੀ ਸਹੂਲਤਾਂ ਅਤੇ ਸੁਰੱਖਿਆ ਮਿਲੇਗੀ।2010 ਵਿੱਚ ਕਾਂਗਰਸ ਸਰਕਾਰ ਨੇ ਰਾਜ ਦੇ ਹਾਈ ਸਕੂਲਾਂ ਵਿੱਚ ਅੰਗਰੇਜ਼ੀ, ਗਣਿਤ ਅਤੇ ਜਨਰਲ ਸਾਇੰਸ ਵਰਗੇ ਵਿਸ਼ਿਆਂ ਲਈ ਠੇਕੇ ਦੇ ਆਧਾਰ 'ਤੇ 8,000 ਅਧਿਆਪਕ ਨਿਯੁਕਤ ਕੀਤੇ ਸਨ। ਹਾਲਾਂਕਿ, ਸਮੇਂ ਦੇ ਨਾਲ ਕਈ ਅਧਿਆਪਕ ਨੌਕਰੀ ਛੱਡ ਚੁੱਕੇ ਹਨ ਅਤੇ ਇਸ ਸਮੇਂ 4,669 ਅਧਿਆਪਕ ਠੇਕੇ 'ਤੇ ਤਾਇਨਾਤ ਹਨ। ਮੁੱਖ ਮੰਤਰੀ ਸਰਮਾ ਨੇ ਕਿਹਾ ਕਿ 2021 ਵਿੱਚ ਭਾਜਪਾ ਸਰਕਾਰ ਨੇ ਠੇਕੇ 'ਤੇ ਰੱਖੇ ਅਧਿਆਪਕਾਂ ਦੀ ਸੇਵਾ ਉਮਰ ਵਧਾ ਕੇ 60 ਸਾਲ ਕਰ ਦਿੱਤੀ ਸੀ ਅਤੇ ਉਨ੍ਹਾਂ ਨੂੰ ਰੈਗੂਲਰ ਅਧਿਆਪਕਾਂ ਦੇ ਬਰਾਬਰ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਸਨ।