ਮੂਰਤੀ ਵਿਸਰਜਨ ਕਰਦੇ ਸਮੇਂ ਦਰਿਆ ਬਿਆਸ ’ਚ ਰੁੜ੍ਹੇ 4 ਨੌਜਵਾਨਾਂ ’ਚੋਂ 2 ਦੀਆਂ ਲਾਸ਼ਾਂ ਬਰਾਮਦ
ਬਾਬਾ ਬਕਾਲਾ ਸਾਹਿਬ -ਬੀਤੇ ਐਤਵਾਰ ਨੂੰ ਦਰਿਆ ਬਿਆਸ ਵਿਖੇ ਮੂਰਤੀ ਵਿਸਰਜਨ ਕਰਦੇ ਸਮੇਂ ਦਰਿਆ ਦੇ ਪਾਣੀ ’ਚ ਰੁੜ੍ਹੇ 4 ਨੌਜਵਾਨਾਂ ਵਿਚੋਂ ਦੋ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਸੂਤਰਾਂ ਅਨੁਸਾਰ ਉਕਤ ਲਾਸ਼ਾਂ ਗੋਇੰਦਵਾਲ ਸਾਹਿਬ ਦੇ ਨੇੜਿਓਂ ਬਰਾਮਦ ਕੀਤੀਆਂ ਗਈਆਂ ਹਨ। ਗੋਤਾਖੋਰਾਂ ਤੇ ਸੇਵਕ ਦਲਾਂ ਦੀ ਮਿਹਨਤ ਨਾਲ 72 ਘੰਟਿਆਂ ਬਾਅਦ ਉਕਤ ਦੋ ਲਾਸ਼ਾਂ ਦੀ ਰਿਕਵਰੀ ਹੋਈ ਹੈ, ਜਦਕਿ ਦੋ ਹੋਰ ਰੁੜ੍ਹੇ ਨੌਜਵਾਨਾਂ ਦੀਆਂ ਲਾਸ਼ਾਂ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।ਜ਼ਿਕਰਯੋਗ ਹੈ ਕਿ ਬੀਤੇ ਦਿਨ ਬਾਅਦ ਦੁਪਹਿਰ ਬਿਆਸ ਦਰਿਆ ’ਚ ਮੂਰਤੀ ਵਿਸਰਜਨ ਕਰਦੇ ਸਮੇਂ 4 ਨੌਜਵਾਨਾਂ ਦੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਸੀ। ਮੌਕੇ ’ਤੇ ਪੁੱਜੇ ਐੱਸ.ਡੀ.ਐੱਮ. ਰਵਿੰਦਰ ਸਿੰਘ ਅਰੋੜਾ ਅਤੇ ਥਾਣਾ ਮੁਖੀ ਬਿਆਸ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਦੇਰ ਸ਼ਾਮ ਯੂ.ਪੀ. ਨਿਵਾਸੀ ਪਰਿਵਾਰ, ਜੋ ਕਿ ਇਸ ਸਮੇਂ ਜਲੰਧਰ ’ਚ ਰਹਿ ਰਿਹਾ ਹੈ, ਦਰਿਆ ਬਿਆਸ ਵਿਚ ਮੂਰਤੀ ਵਿਸਰਜਨ ਕਰਨ ਲਈ ਆਇਆ ਸੀ। ਮੂਰਤੀ ਵਿਸਰਜਨ ਕਰਦੇ ਸਮੇਂ ਪਰਿਵਾਰ ’ਚੋਂ 4 ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ ਸਨ। ਜਿਸ ਤੋਂ ਬਾਅਦ 4 ਨੌਜਵਾਨਾਂ ਵਿਚੋਂ ਦੋ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।