ਰਾਹੁਲ ਗਾਂਧੀ ਦੇ ਦਸਤਾਰ ਤੇ ਗੁਰਦੁਆਰਾ ਸਾਹਿਬ ਜਾਣ ਵਾਲੇ ਬਿਆਨ 'ਤੇ ਬੋਲੇ ਮਨਜਿੰਦਰ ਸਿਰਸਾ
ਨਵੀਂ ਦਿੱਲੀ : ਵਿਦੇਸ਼ੀ ਦੌਰੇ 'ਤੇ ਗਏ ਰਾਹੁਲ ਗਾਂਧੀ ਵਲੋਂ ਸਿੱਖਾਂ ਦੀ ਦਸਤਾਰ ਤੇ ਗੁਰਦੁਆਰਾ ਸਾਹਿਬ ਜਾਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ, ਜਿਸ ਦੀ ਮਨਜਿੰਦਰ ਸਿੰਘ ਸਿਰਸਾ ਵਲੋਂ ਨਿੰਦਾ ਕੀਤੀ ਗਈ ਹੈ। ਉਹਨਾਂ ਨੇ ਕਿਹਾਕਿ ਰਾਹੁਲ ਗਾਂਧੀ ਵਲੋਂ ਅੱਜ ਅਮਰੀਕਾ ਵਿਚ ਸਿੱਖਾਂ ਦੇ ਪ੍ਰਤੀ ਨਫ਼ਰਤ ਭਰੀ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ, ਮੈਂ ਉਸ ਦੀ ਕੜੇ ਸ਼ਬਦਾਂ ਵਿਚ ਨਿੱਦਾ ਕਰਦਾ ਹਾਂ। ਭਾਰਤ ਦੇ ਅੰਦਰ ਸਿੱਖਾਂ ਦੀ ਦਸਤਾਰ ਤੇ ਕੜਾ ਸੁਰੱਖਿਅਤ ਨਹੀਂ। ਉਕਤ ਲੋਕ ਗੁਰਦੁਆਰਾ ਸਾਹਿਬ ਜਾ ਸਕਦੇ ਹਨ ਜਾਂ ਨਹੀਂ, ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਦੱਸਣਾ ਚਾਹੁੰਦਾ ਹਾ ਕਿ ਇਹ ਕੋਸ਼ਿਸ਼ਾਂ ਜ਼ਕਰੀਆ ਖਾਨ, ਔਰਗਜ਼ੇਬ,ਅਬਦਾਲੀ, ਗੋਰਿਆ ਤੋਂ ਲੈ ਕੇ ਕਾਂਗਰਸ ਤੱਕ ਸਾਰਿਆਂ ਨੇ ਕੀਤੀਆਂ ਹਨ। ਸਿਰਸਾ ਨੇ ਕਿਹਾ ਕਿ ਸਿੱਖਾਂ ਦੀ ਦਸਤਾਰ 'ਤੇ ਹੱਥ ਪਾਉਣ ਦੀ ਕੋਈ ਕਲਪਨਾ ਨਹੀਂ ਕਰ ਸਕਦਾ ਤੇ ਨਾ ਹੀ ਕੋਈ ਇਸ ਦਾ ਸੁਫ਼ਨਾ ਲੈ ਸਕਦਾ ਹੈ। ਇਸ ਦੇ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਸ ਦੇਸ਼ ਦੇ ਅੰਦਰ ਉੱਚੇ ਅਹੁਦੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਹੋਣ, ਰਾਸ਼ਟਰਪਤੀ ਹੋਣ, ਸੈਨਾ ਮੁੱਖੀ ਹੋਵੇ ਜਾਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਹੋਣ, ਇਹਨਾਂ ਸਾਰਿਆਂ 'ਤੇ ਸਿੱਖ ਬੈਠੇ ਹੋਏ ਹਨ। ਅੱਜ ਦੇ ਸਮੇਂ ਵਿਚ ਲੋਕ ਸਿੱਖਾਂ ਨੂੰ ਬਹੁਤ ਸਨਮਾਨ ਦਿੰਦੇ ਹਨ ਪਰ ਤੁਸੀਂ ਹਮੇਸ਼ਾ ਹੀ ਇਸ 'ਤੇ ਦੇਸ਼ ਵੰਡ, ਧਰਮ ਵੰਡ ਅਤੇ ਕੌਮ ਵੰਡ ਵਰਗੀ ਰਾਜਨੀਤੀ ਕੀਤੀ ਹੈ। ਇਸ ਨਫ਼ਰਤ ਭਰੀ ਰਾਜਨੀਤੀ ਦੇ ਮੱਦੇਨਜ਼ਰ 1984 ਵਿਚ ਤੁਸੀਂ ਸਿੱਖਾਂ ਦਾ ਕਤਲੇਆਮ ਵੀ ਕਰਵਾਇਆ। ਸਿਰਸਾ ਨੇ ਕਿਹਾਕ ਕਿ ਤੁਹਾਡੇ ਪਰਿਵਾਰ ਵਲੋਂ ਇਨਾ ਵੱਡਾ ਕਤਲੇਆਮ ਕਰਵਾਉਣ ਤੋਂ ਬਾਅਦ ਕਤਲੇਆਮ ਕਰਨ ਵਾਲੇ ਜਗਦੀਸ਼ ਟਾਇਟਲ ਨੂੰ ਤੁਸੀਂ ਅੱਜ ਵੀ ਆਪਣੀ ਪਾਰਟੀ ਵਿਚ ਰੱਖਿਆ ਹੋਇਆ ਹੈ। ਇਹ ਸਭ ਕੁਝ ਦਰਸਾਉਂਦਾ ਹੈ ਕਿ ਤੁਹਾਡੇ ਮਨਾਂ ਦੇ ਅੰਦਰ ਸਿੱਖਾਂ ਦੇ ਪ੍ਰਤੀ ਕਿੰਨੀ ਨਫ਼ਰਤ ਹੈ, ਇਹ ਦਰਸਾਉਂਦਾ ਹੈ ਕਿ ਤੁਸੀਂ ਸਿੱਖਾਂ ਨੂੰ ਕਿਵੇਂ ਇਸਤੇਮਾਲ ਕਰਦੇ ਹੋ। ਤੁਸੀਂ ਅੱਜ ਵੀ ਆਪਣੀ ਗੰਦੀ ਅਤੇ ਨਫ਼ਰਤ ਭਰੀ ਰਾਜਨੀਤੀ ਦੇ ਵਾਸਤੇ ਸਿੱਖਾਂ ਦੀ ਦਸਤਾਰ, ਕੰਕਾਰ ਅਤੇ ਗੁਰਦੁਆਰਾ ਸਾਹਿਬ ਨੂੰ ਵਿਚ ਲੈ ਕੇ ਆਏ ਹੋ। ਇਸ ਦੀ ਮੈਂ ਕੜੇ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਦੱਸ ਦੇਈਏ ਕਿ ਰਾਹੁਲ ਗਾਂਧੀ ਨੇ ਵਾਸ਼ਿੰਗਟਨ ਦੇ ਵਰਜੀਨੀਆ ਉਪਨਗਰ 'ਚ ਹਰਨਡਨ 'ਚ ਭਾਰਤੀ-ਅਮਰੀਕੀ ਭਾਈਚਾਰੇ ਦੇ ਸੈਂਕੜੇ ਲੋਕਾਂ ਵਿਚੋਂ ਪਹਿਲੀ ਕਤਾਰ ਵਿੱਚ ਹਾਜ਼ਰੀਨ ਵਿੱਚ ਬੈਠੇ ਇੱਕ ਸਿੱਖ ਨੂੰ ਪੁੱਛਿਆ, "ਮੇਰੇ ਪੱਗ ਵਾਲੇ ਭਰਾ, ਤੁਹਾਡਾ ਨਾਮ ਕੀ ਹੈ?" ਉਹਨਾਂ ਕਿਹਾ, ''ਲੜਾਈ ਇਸ ਗੱਲ ਦੀ ਹੈ ਕਿ ਕੀ ਇਕ ਸਿੱਖ ਨੂੰ ਭਾਰਤ ਵਿੱਚ ਦਸਤਾਰ ਜਾਂ ਕੜਾ ਪਾਉਣ ਦਾ ਅਧਿਕਾਰ ਹੈ ਜਾਂ ਨਹੀਂ। ਜਾਂ ਇਕ ਸਿੱਖ ਹੋਣ ਦੇ ਨਾਤੇ ਉਹ ਗੁਰਦੁਆਰੇ ਜਾ ਸਕਦਾ ਹੈ ਜਾਂ ਨਹੀਂ। ਲੜਾਈ ਇਸੇ ਗੱਲ ਲਈ ਹੈ ਅਤੇ ਇਹ ਸਿਰਫ਼ ਉਨ੍ਹਾਂ ਲਈ ਨਹੀਂ ਸਗੋਂ ਸਾਰੇ ਧਰਮਾਂ ਲਈ ਹੈ।''