ਚੰਡੀਗੜ੍ਹ : ਪੰਜਾਬ 'ਚ ਲੋਕ ਸਭਾ ਚੋਣਾਂ ਦੇ ਉਮੀਦਵਾਰ ਤੈਅ ਕਰਨ ਲਈ ਕਾਂਗਰਸ ਦੀ ਸਕਰੀਨਿੰਗ ਕਮੇਟੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਚੇਅਰਮੈਨ ਭਗਤ ਚਰਨਦਾਸ ਦੀ ਪ੍ਰਧਾਨਗੀ ਹੇਠ ਚਾਰ ਘੰਟੇ ਬੈਠਕ ਕਰਕੇ ਮੰਥਨ ਕੀਤਾ। ਬੈਠਕ 'ਚ ਉਨ੍ਹਾਂ ਸੀਟਾਂ 'ਤੇ ਚਰਚਾ ਹੋਈ ਜਿਨ੍ਹਾਂ 'ਤੇ ਉਮੀਦਵਾਰ ਐਲਾਨ ਕਰਨ 'ਚ ਮੁਸ਼ਕਿਲ ਨਹੀਂ ਹੈ। ਜ਼ਿਲ੍ਹਾ ਕਪੂਰਥਲਾ ਦੇ ਭੁਲੱਥ ਹਲਕੇ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮੁੱਖ ਮੰਤਰੀ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ, ਪਿਛਲੇ ਦਿਨੀ ਕਾਂਗਰਸ 'ਚ ਆਏ ਡਾ. ਧਰਮਵੀਰ ਗਾਂਧੀ ਨੂੰ ਪਟਿਆਲਾ ਅਤੇ ਚੌਧਰੀ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਜਲੰਧਰ ਤੋਂ ਮੈਦਾਨ ਵਿਚ ਉਤਾਰਨਾ ਲਗਭਗ ਤੈਅ ਹੈ। ਕੇਂਦਰੀ ਚੋਣ ਕਮੇਟੀ (ਸੀਆਈਸੀ) ਨੂੰ ਸ਼ਨੀਵਾਰ ਦੁਪਹਿਰ ਬਾਅਦ ਹੋਣ ਵਾਲੀ ਬੈਠਕ 'ਚ ਸਿਰਫ਼ ਮੋਹਰ ਲੱਗਣੀ ਬਾਕੀ ਹੈ । ਸਕਰੀਨਿੰਗ ਕਮੇਟੀ ਦੀ ਬੈਠਕ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਦੇ ਇੰਚਾਰਜ ਦਵਿੰਦਰ ਯਾਦਵ ਵੀ ਸ਼ਾਮਲ ਸੀ।
ਸੂਤਰਾਂ ਮੁਤਾਬਕ ਬੈਠਕ 'ਚ ਇਹ ਸਹਿਮਤੀ ਬਣੀ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ, ਫ਼ਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ ਅਤੇ ਅੰਮ੍ਰਿਤਸਰ ਤੋਂ ਗੁਰਜੀਤ ਔਜਲਾ ਨੂੰ ਟਿਕਟ ਦਿੱਤੀ ਜਾਵੇ। ਤਿਵਾੜੀ ਹਾਲਾਂਕਿ ਚੰਡੀਗੜ੍ਹ ਸੀਟ ਤੋਂ ਚੋਣ ਲੜਨਾ ਚਾਹੁੰਦੇ ਹਨ ਪਰ ਪੰਜਾਬ ਦੀ ਟੀਮ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਨਾਮ ਸੁਝਾਇਆ ਹੈ। ਆਖ਼ਰੀ ਫੈਸਲਾ ਸੀਆਈਸੀ 'ਚ ਹੋਵੇਗਾ । ਇਸ ਦੌਰਾਨ ਚੰਡੀਗੜ੍ਹ ਸੀਟ 'ਤੇ ਵੀ ਚਰਚਾ ਹੋਵੇਗੀ। ਖਡੂਰ ਸਾਹਿਬ ਤੋਂ ਜਸਵੀਰ ਸਿੰਘ ਡਿੰਪਾ ਤੇ ਫਰੀਦਕੋਟ ਤੋਂ ਮੁਹੰਮਦ ਸਦੀਕ ਨੂੰ ਹੋਲਡ 'ਤੇ ਰੱਖਿਆ ਗਿਆ ਹੈ। ਖਡੂਰ ਸਾਹਿਬ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਰਮਨਜੀਤ ਸਿੱਕੀ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਵੀ ਚੋਣਾਂ ਲੜਨਾ ਚਾਹੁੰਦੇ ਹਨ। ਫਰੀਦਕੋਟ ਤੋਂ ਕਾਂਗਰਸ ਸੁਖਮਿੰਦਰ ਡੈਨੀ ਨੂੰ ਮੈਦਾਨ 'ਚ ਲਿਆਉਣਾ ਚਾਹੁੰਦੀ ਹੈ।
ਸੂਤਰਾਂ ਅਨੁਸਾਰ ਕਾਂਗਰਸ ਪੰਜਾਬ 'ਚ ਤਿੰਨ ਪੜਾਵਾਂ 'ਚ ਸੂਚੀ ਜਾਰੀ ਕਰ ਸਕਦੀ ਹੈ। ਸੀਆਈਸੀ ਦੀ ਮੋਹਰ ਤੋਂ ਬਾਅਦ ਪਾਰਟੀ ਸ਼ਨੀਵਾਰ ਸ਼ਾਮ ਜਾਂ ਐਤਵਾਰ ਸਵੇਰੇ ਪਹਿਲੀ ਸੂਚੀ ਜਾਰੀ ਕਰ ਸਕਦੀ ਹੈ। ਇਸ ਵਿਚ ਤਿਵਾੜੀ, ਔਜਲਾ, ਡਾ. ਅਮਰ, ਗਾਂਧੀ ਅਤੇ ਚੰਨੀ ਦਾ ਨਾਮ ਹੋ ਸਕਦਾ ਹੈ।
ਬੈਠਕ 'ਚ ਸੁਖਪਾਲ ਖਹਿਰਾ ਦੇ ਨਾਮ 'ਤੇ ਸਭ ਤੋਂ ਜ਼ਿਆਦਾ ਚਰਚਾ ਹੋਈ। ਕਾਂਗਰਸ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹੇ ਸੰਗਰੂਰ ਤੋਂ ਸੁਖਪਾਲ ਖਹਿਰਾ ਨੂੰ ਉਤਾਰਨ ਦਾ ਮਨ ਬਣਾ ਲਿਆ ਹੈ। ਇਕ ਕਾਰਨ ਇਹ ਵੀ ਹੈ ਕਿ ਖਹਿਰਾ ਸਰਕਾਰ ਖਿਲਾਫ਼ ਹਮਲਾਵਰ ਰਹਿੰਦੇ ਹਨ ਤੇ ਡਰੱਗ ਕੇਸ 'ਚ ਉਹ ਸਰਕਾਰ 'ਤੇ ਧੱਕਾ ਕਰਨ ਦੇ ਵੀ ਦੋਸ਼ ਲਗਾ ਚੁੱਕੇ ਹਨ। ਕਾਂਗਰਸ ਉਨ੍ਹਾਂ ਨੂੰ ਸੰਗਰੂਰ ਤੋਂ ਇਸ ਲਈ ਟਿਕਟ ਦੇਣਾ ਚਾਹੁੰਦੀ ਹੈ ਤਾਂ ਕਿ ਲੋਕਾਂ 'ਚ ਸੰਦੇਸ਼ ਦਿੱਤਾ ਜਾਵੇ ਕਿ ਜਿਵੇਂ 'ਆਪ' ਦਿੱਲੀ 'ਚ ਕੇਜਰੀਵਾਲ ਨੂੰ ਰਾਜਨੀਤਕ ਝਗੜੇ ਦੇ ਚੱਲਦੇ ਜੇਲ੍ਹ 'ਚ ਭੇਜਣ ਤੇ ਦੋਸ਼ ਲਗਾਉਂਦੀ ਹੈ, ਉਵੇਂ ਹੀ ਕਾਰਵਾਈ ਪੰਜਾਬ 'ਚ 'ਆਪ' ਵਿਰੋਧੀਆਂ ਦੇ ਖਿਲਾਫ਼ ਵੀ ਕਰ ਰਹੀ ਹੈ।
NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦਾ ਹੈ ਹਮਲਾ, ਚੰਡੀਗੜ੍ਹ ਵਿੱਚ ਏਪੀ ਢਿੱਲੋਂ ਦੇ ਸ਼ੋਅ ਦੀ ਵਧਾਈ ਸੁਰੱਖਿਆ
ਰਾਮ ਰਹੀਮ ਨੂੰ ਹਾਈ ਕੋਰਟ ਵਲੋਂ ਵੱਡਾ ਝਟਕਾ
ਪਟਿਆਲਾ ’ਚ ਟੈਂਕੀ ’ਤੇ ਚੜਿਆ ਸ਼੍ਰੋਮਣੀ ਅਕਾਲੀ ਦਲ ਦਾ ਆਗੂ ਸੁਖਵਿੰਦਰ ਪਾਲ ਸਿੰਘ , AAP ਉਮੀਦਵਾਰ ਤੇ ਪੁਲਿਸ ’ਤੇ ਲਾਏ ਧੱਕੇਸ਼ਾਹੀ ਦੇ ਇਲਜ਼ਾਮ