ਜੋਕੋਵਿਚ ਨੇ ਮੈਰਾਥਨ ਮੁਕਾਬਲੇ ’ਚ ਅਲਕਾਰਾਜ਼ ਨੂੰ ਹਰਾ ਕੇ ਸਨਸਿਨਾਟੀ ਕੱਪ ਜਿੱਤਿਆ
ਨੋਵਾਕ ਜੋਕੋਵਿਚ ਨੇ ਲਗਭਗ 4 ਘੰਟੇ ਤੱਕ ਚੱਲੇ ਮੈਰਾਥਨ ਮੁਕਾਬਲੇ ’ਚ ਵਿਸ਼ਵ ਦੇ ਨੰਬਰ-1 ਖਿਡਾਰੀ ਕਾਰਲੋਸ ਅਲਕਾਰਾਜ਼ ਨੂੰ ਹਾਰ ਕੇ ਵੈਸਟਰਨ ਐਂਡ ਸਦਰਨ ਓਪਨ ਟੈਨਿਸ ਟੂਰਨਾਮੈਂਟ ਵਿਚ ਪੁਰਸ਼ ਸਿੰਗਲ ਦਾ ਖਿਤਾਬ ਜਿੱਤਿਆ। ਜੋਕੋਵਿਚ ਨੇ ਇਹ ਮੈਚ 5-7, 7-6 (7), 7-6 (4) ਨਾਲ ਜਿੱਤ ਕੇ ਅਲਕਾਰਾਜ ਕੋਲੋਂ ਪਿਛਲੇ ਮਹੀਨੇ ਵਿੰਬਲਡਨ ਫਾਈਨਲ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।
ਇਹ ਮੈਚ 3 ਘੰਟੇ 49 ਮਿੰਟ ਤੱਕ ਚੱਲਿਆ, ਜੋ ਕਿ 1990 ਤੋਂ ਬਾਅਦ ਏ. ਟੀ. ਪੀ. ਟੂਰ ਦੇ ਇਤਿਹਾਸ ਵਿਚ ਸਭ ਤੋਂ ਲੰਬਾ 3 ਸੈੱਟ ਵਾਲਾ ਫਾਈਨਲ ਸੀ। ਦੂਸਰਾ ਦਰਜਾ ਪ੍ਰਾਪਤ ਜੋਕੋਵਿਚ ਦੇ ਕਰੀਅਰ ਦਾ ਇਹ 95ਵਾਂ ਖਿਤਾਬ ਹੈ ਅਤੇ ਉਹ ਇਵਾਨ ਲੇਂਡਲ ਨੂੰ ਪਿੱਛੇ ਛੱਡ ਕੇ 1968 ਤੋਂ ਬਾਅਦ ਓਪਨ ਯੁਗ ਵਿਚ ਸਭ ਤੋਂ ਵੱਧ ਖਿਤਾਬ ਜਿੱਤਣ ਵਾਲੇ ਖਿਡਾਰੀਆਂ ਵਿਚ ਤੀਸਰੇ ਨੰਬਰ ’ਤੇ ਪਹੁੰਚ ਗਿਆ ਹੈ।