ਗੀਤਿਕਾ ਸ਼੍ਰੀਵਾਸਤਵ ਇਸਲਾਮਾਬਾਦ 'ਚ ਭਾਰਤੀ ਹਾਈ ਕਮਿਸ਼ਨ ਦੀ ਇੰਚਾਰਜ ਕੀਤੀ ਨਿਯੁਕਤ
ਗੀਤਿਕਾ ਸ਼੍ਰੀਵਾਸਤਵ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ 'ਚ ਭਾਰਤ ਦੀ ਨਵੀਂ ਇੰਚਾਰਜ ਹੋਵੇਗੀ। ਉਹ ਇਸ ਸਮੇਂ ਵਿਦੇਸ਼ ਮੰਤਰਾਲਾ ਦੇ ਹੈੱਡਕੁਆਰਟਰ 'ਚ ਸੰਯੁਕਤ ਸਕੱਤਰ ਵਜੋਂ ਸੇਵਾਵਾਂ ਦੇ ਰਹੀ ਹੈ। ਉਹ ਸੁਰੇਸ਼ ਕੁਮਾਰ ਦੀ ਜਗ੍ਹਾ ਲਵੇਗੀ, ਜਿਨ੍ਹਾਂ ਦੇ ਦਿੱਲੀ ਮੁੜਨ ਦੀ ਸੰਭਾਵਨਾ ਹੈ। ਭਾਰਤੀ ਵਿਦੇਸ਼ ਸੇਵਾ ਦੀ ਸਾਲ 2005 ਬੈਚ ਦੀ ਅਧਿਕਾਰੀ ਸ਼੍ਰੀਵਾਸਤਵ ਇਸ ਸਮੇਂ ਵਿਦੇਸ਼ ਮੰਤਰਾਲਾ ਦੇ ਹਿੰਦ-ਪ੍ਰਸ਼ਾਂਤ ਡਿਵੀਜ਼ਨ 'ਚ ਸੰਯੁਕਤ ਸਕੱਤਰ ਦੇ ਅਹੁਦੇ 'ਤੇ ਹੈ। ਅਗਸਤ 2019 'ਚ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਰੱਦ ਕੀਤੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਰਾਜਨੀਤਿਕ ਸੰਬੰਧਾਂ ਦਾ ਦਰਜਾ ਘਟਾ ਦਿੱਤਾ ਸੀ, ਜਿਸ ਦੇ ਬਾਅਦ ਇਸਲਾਮਾਬਾਦ ਅਤੇ ਦਿੱਲੀ 'ਚ ਕ੍ਰਮਵਾਰ ਪਾਕਿਸਤਾਨੀ ਅਤੇ ਭਾਰਤੀ ਹਾਈ ਕਮਿਸ਼ਨਾਂ ਦੀ ਅਗਵਾਈ ਉਨ੍ਹਾਂ ਨਾਲ ਸੰਬੰਧਿਤ ਇੰਚਾਰਜਾਂ ਵੱਲੋਂ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਦੱਸਿਆ ਕਿ ਉਮੀਦ ਹੈ ਕਿ ਸ਼੍ਰੀਵਾਸਤਵ ਜਲਦੀ ਹੀ ਇਸਲਾਮਾਬਾਦ ਵਿਚ ਆਪਣਾ ਅਹੁਦਾ ਸੰਭਾਲੇਗੀ।