ਵਿਰਾਸਤੀ ਮੇਲਾ: ਸੰਗੀਤ ਪ੍ਰੇਮੀਆਂ ਨੇ ਸ਼ਾਸਤਰੀ ਸੰਗੀਤ ਦਾ ਆਨੰਦ ਮਾਣਿਆ
.jpg)
ਪਟਿਆਲਾ : ਪਟਿਆਲਾ ਹੈਰੀਟੇਜ ਫੈਸਟੀਵਲ-2025 ਦੀ ਸੰਗੀਤਮਈ ਸ਼ਾਮ ਉਸ ਵੇਲੇ ਇਤਿਹਾਸਕ ਤੇ ਯਾਦਗਾਰੀ ਬਣ ਗਈ ਜਦੋਂ ਭਾਰਤੀ ਸ਼ਾਸਤਰੀ ਸੰਗੀਤ ’ਚ ਨਵੀਨਤਾ ਤੇ ਪਰੰਪਰਾਵਾਂ ਦੇ ਬੇਮਿਸਾਲ ਸੰਯੋਗ ਤੇ ਵਿਸ਼ਵ ਪ੍ਰਸਿੱਧ ਸਿਤਾਰ ਨਵਾਜ਼ ਨੀਲਾਦਰੀ ਕੁਮਾਰ ਨੇ ਤਬਲਾ ਵਾਦਕ ਸਤਿਆਜੀਤ ਤਲਵਲਕਰ ਦੇ ਤਬਲੇ ਦੀ ਤਾਲ ਨਾਲ ਤਾਲ ਮਿਲਾ ਕੇ ਸੰਗੀਤ ਦੀ ਖ਼ੂਬ ਛਹਿਬਰ ਲਾਈ। ਉਨ੍ਹਾਂ ਨੇ ਪਟਿਆਲਵੀਆਂ ਦੀ ਵਿਸ਼ੇਸ਼ ਮੰਗ ’ਤੇ ਆਪਣੀ ਵਿਸ਼ੇਸ਼ ਪੇਸ਼ਕਾਰੀ ਦੀ ਸ਼ੁਰੂਆਤ ‘ਜ਼ਿਤਾਰ’ (ਇਲੈਕਟ੍ਰਿਕ ਸਿਤਾਰ) ਨਾਲ ਕਰਦਿਆਂ ਰੰਗ ਬੰਨ੍ਹ ਦਿੱਤਾ। ਉਨ੍ਹਾਂ ਨੇ ਸ਼ੁਰੂਆਤ ਵਿੱਚ ਰਾਗ ਤਿਲਕ ਨੱਟ ਤੇ ਤਿਲਕ ਕਾਮੋਦ ਦਾ ਮਿਸ਼ਰਣ ਵਜਾਇਆ। ਇਸੇ ਰਾਗ ਵਿੱਚ ਖਰਜ ਦੀ ਧੁਨੀ ਛੇੜੀ। ਨੀਲਾਦਰੀ ਕੁਮਾਰ ਨੇ ਆਪਣੀਆਂ ਬੇਜੋੜ ਬੰਦਿਸ਼ਾਂ, ਮਿੱਠੇ ਸੁਰਾਂ ਅਤੇ ਸੰਗੀਤ ਦੀ ਗਹਿਰੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ। ਪਟਿਆਲਾ ਦੇ ਪੁਰਾਤਨ ਕਿਲਾ ਮੁਬਾਰਕ ਦੇ ਦਰਬਾਰ ਹਾਲ ਦੇ ਖੁੱਲ੍ਹੇ ਵਿਹੜੇ ਵਿਚ ਅੱਜ ਦੇ ਇਸ ਸਮਾਰੋਹ ਮੌਕੇ ਪੁੱਜੇ ਕਲਾ ਪ੍ਰੇਮੀਆਂ ਤੇ ਪਟਿਆਲਵੀਆਂ ਨੇ ਇਸ ਸ਼ਾਸਤਰੀ ਸੰਗੀਤਮਈ ਸ਼ਾਮ ਦਾ ਖ਼ੂਬ ਆਨੰਦ ਮਾਣਿਆ। ਇਸ ਵਿਰਾਸਤੀ ਉਤਸਵ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਤੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਮੌਜੂਦ ਸਨ। ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਇਹ ਮੇਲੇ ਨਾ ਸਿਰਫ਼ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕਰ ਰਹੇ ਹਨ ਸਗੋਂ ਵਿਰਾਸਤ ਨੂੰ ਵੀ ਲੋਕਾਂ ਤੱਕ ਪਹੁੰਚਾਉਣ ਲਈ ਸਫ਼ਲ ਹੋ ਰਹੇ ਹਨ। ਨੀਲਾਦਰੀ ਕੁਮਾਰ ਨੇ ਸਤਿਆਜੀਤ ਤਲਵਲਕਰ ਨਾਲ ਮਿਲਕੇ ਸ਼ਾਸਤਰੀ ਸੰਗੀਤ ਦੀ ਦਿਲਕਸ਼ ਪੇਸ਼ਕਾਰੀ ਦਿੱਤੀ ਅਤੇ ਸਿਤਾਰ ਤੇ ਜ਼ਿਤਾਰ ’ਤੇ ਸੰਗੀਤਕ ਧੁਨਾਂ ਵਜਾ ਕੇ ਇਸ ਸੰਗੀਤਮਈ ਸ਼ਾਮ ਨੂੰ ਯਾਦਗਾਰੀ ਬਣਾ ਦਿੱਤਾ। ਉਨ੍ਹਾਂ ਦੇ ਨਾਲ ਤਕਨੀਕੀ ਡਾਇਰੈਕਟਰ ਲਕੀਰ ਮਹਿਤਾ ਤੇ ਮਿਸ ਸਮੀਰਾ ਕੇਲਕਰ ਵੀ ਮੌਜੂਦ ਸਨ। ਮੰਚ ਸੰਚਾਲਨ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਨੇ ਕੀਤਾ। ਇਸ ਮੌਕੇ ਨੀਲਾਦਰੀ ਕੁਮਾਰ ਨੇ ਕਿਹਾ ਕਿ ਪਟਿਆਲਾ ਵਿਰਾਸਤੀ ਉਤਸਵ ਇੱਕ ਕੌਮਾਂਤਰੀ ਉਤਸਵ ਬਣ ਗਿਆ ਹੈ ਅਤੇ ਉਨ੍ਹਾਂ ਨੂੰ ਇੱਥੇ ਆ ਕੇ ਆਪਣੀ ਪੇਸ਼ਕਾਰੀ ਦੇਣ ਦਾ ਸੁਭਾਗ ਪ੍ਰਾਪਤ ਹੋਣਾ ਉਨ੍ਹਾਂ ਖ਼ੁਦ ਦੇ ਲਈ ਮਾਣ ਦੀ ਗੱਲ ਹੈ।
Dry Mouth ਦੇ ਕੀ ਨੇ ਕਾਰਨ! ਜਾਣੋ ਇਸ ਦੇ ਲੱਛਣ ਤੇ ਇਲਾਜ
ਕੀ ਸੱਚਮੁੱਚ ਯੁਜਵੇਂਦਰ ਚਾਹਲ ਨੇ ਧਨਸ਼ਰੀ ਨੂੰ ਦਿੱਤੇ 60 ਕਰੋੜ ਰੁਪਏ? ਸੱਚ ਆਇਆ ਸਾਹਮਣੇ, ਜਾਣੋ ਪੂਰੀ ਕਹਾਣੀ
ਸਰਸ ਮੇਲੇ ’ਚ ਰਣਜੀਤ ਬਾਵਾ ਨੇ ਲਾਈਆਂ ਰੌਣਕਾਂ