ਕਿਸਾਨ ਜਥੇਬੰਦੀਆਂ ਨੇ ਪੰਜਾਬ ਭਰ ’ਚ ਰੇਲ ਗੱਡੀਆਂ ਰੋਕੀਆਂ ਮਸਲੇ ਹੱਲ ਨਾ ਹੋਣ ’ਤੇ ਕੇਂਦਰ ਖ਼ਿਲਾਫ਼ ਜਤਾਇਆ ਰੋਸ; 14 ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਹੋਵੇਗੀ ਕਿਸਾਨ ਮਹਾਪੰਚਾਇਤ
ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਰੇਲ ਗੱਡੀਆਂ ਰੋਕਣ ਸਬੰਧੀ ਦਿੱਤੇ ਸੱਦੇ ਦੀ ਹਮਾਇਤ ਵਿੱਚ ਪੰਜ ਹੋਰ ਕਿਸਾਨ ਜਥੇਬੰਦੀਆਂ ਨੇ ਪੰਜਾਬ ਵਿੱਚ 10 ਥਾਵਾਂ ’ਤੇ ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਰੇਲ ਗੱਡੀਆਂ ਰੋਕੀਆਂ। ਇਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ), ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਮਾਲਵਾ (ਹੀਰਕੇ) ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਸ਼ਾਮਲ ਹਨ। ਇਨ੍ਹਾਂ ਧਰਨਿਆਂ ਦੀ ਅਗਵਾਈ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਸਿੰਘ ਧਨੇਰ, ਡਾ. ਦਰਸ਼ਨਪਾਲ, ਮਲੂਕ ਸਿੰਘ ਹੀਰਕੇ ਅਤੇ ਹਰਬੰਸ ਸਿੰਘ ਸੰਘਾ ਨੇ ਕੀਤੀ।