ਕਿਸਾਨ ਸੰਘਰਸ਼: ਬਾਰਡਰਾਂ ’ਤੇ ਗਰਜੀਆਂ ਬੀਬੀਆਂ
ਬਾਰਡਰਾਂ ’ਤੇ ਲੋਕਾਂ ਦੀ ਗਿਣਤੀ ਅੱਜ ਆਮ ਦਿਨਾਂ ਨਾਲ਼ੋਂ ਦੁੱਗਣੀ ਤੋਂ ਵੀ ਵੱਧ ਸੀ। ਕਿਸਾਨ ਅੰਦੋਲਨ ਵਿਚ ਅੱਜ ਔਰਤਾਂ ਦੇ ਨਾਅਰੇ ਗੂੰਜਦੇ ਰਹੇ। ਬਾਰਡਰਾਂ ’ਤੇ ਮਨਾਏ ਗਏ ਕੌਮਾਂਤਰੀ ਮਹਿਲਾ ਦਿਵਸ ਦੌਰਾਨ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਨੇ ਇਸ ਕਿਸਾਨ ਘੋਲ ’ਚ ਮਹਿਲਾਵਾਂ ਦੀ ਬਰਾਬਰ ਭਾਗੀਦਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਹ ਐਲਾਨ ਕਰਦਿਆਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਬੀਬੀਆਂ ਨੂੰ ਬਰਾਬਰੀ ਦੇ ਹੱਕ ਦੇਣ ਵਾਲੀਆਂ ਗੱਲਾਂ ਅਕਸਰ ਹੀ ਕੀਤੀਆਂ ਤਾਂ ਜਾਂਦੀਆਂ ਹਨ ਪਰ ਅਮਲ ਘੱਟ ਹੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੀਬੀਆਂ ਦੀ ਭਾਗੀਦਾਰੀ ਵਧਾਉਣ ਦਾ ਇਹ ਸ਼ੁਭ ਕਾਰਜ ਕਿਸਾਨੀ ਸੰਘਰਸ਼ ਵਿਚਲੇ ਪ੍ਰੋਗਰਾਮਾਂ ਦੀ ਕੜੀ ਵਜੋਂ ਹੀ 10 ਮਾਰਚ ਨੂੰ ਰੇਲਾਂ ਰੋਕਣ ਦੇ ਕੀਤੇ ਜਾਣ ਵਾਲੇ ਐਕਸ਼ਨ ਤੋਂ ਹੀ ਕੀਤਾ ਜਾਵੇਗਾ।