ਵਿੱਤ ਮੰਤਰੀ ਹਰਪਾਲ ਚੀਮਾ ਅੱਜ ਪੇਸ਼ ਕਰਨਗੇ ਪੰਜਾਬ ਦਾ ਨਵਾਂ ਬਜਟ
ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਭਲਕੇ ਬੁੱਧਵਾਰ ਨੂੰ 2025-26 ਲਈ ਬਜਟ ਪੇਸ਼ ਕਰਨਗੇ। ਬਜਟ ’ਚ ਦੋ ਵਰ੍ਹਿਆਂ ਮਗਰੋਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਝਲਕਾਰਾ ਵੀ ਦੇਖਣ ਨੂੰ ਮਿਲ ਸਕਦਾ ਹੈ। ‘ਆਪ’ ਸਰਕਾਰ ਵੱਲੋਂ ਚੌਥੇ ਬਜਟ ਵਿੱਚ ਆਮ ਆਦਮੀ ’ਤੇ ਕੋਈ ਨਵਾਂ ਟੈਕਸ ਲਾਉਣ ਦੀ ਸੰਭਾਵਨਾ ਘੱਟ ਜਾਪਦੀ ਹੈ। ਸਾਲ 2025-26 ਲਈ ਬਜਟ ਪ੍ਰਸਤਾਵ ਜ਼ਰੀਏ ‘ਆਪ’ ਸਰਕਾਰ ਸੂਬੇ ਦੀ ਵਿੱਤੀ ਮਜ਼ਬੂਤੀ ਨੂੰ ਦਰਸਾਏਗੀ। ਇਸ ਨੂੰ ਸਰਕਾਰ ਆਪਣੀ ਤਿੰਨ ਵਰ੍ਹਿਆਂ ਦੀ ਕਾਰਗੁਜ਼ਾਰੀ ਵਜੋਂ ਪੇਸ਼ ਕਰੇਗੀ। ਬਜਟ ਪ੍ਰਸਤਾਵ ’ਚ ਮੁੱਖ ਤੌਰ ’ਤੇ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ, ਜਨਤਕ ਸਿੱਖਿਆ ਅਤੇ ਸਿਹਤ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ, ਉਦਯੋਗਿਕ ਨਿਵੇਸ਼ ਲਈ ਅਨੁਕੂਲ ਮਾਹੌਲ ਬਣਾਉਣ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ’ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ।