ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਨੂੰ 20 ਸਾਲ ਕੈਦ
: ਜ਼ਿਲ੍ਹਾ ਅਦਾਲਤ ਨੇ ਨਾਬਾਲਗਾ ਨੂੰ ਅਗਵਾ ਕਰ ਕੇ ਜਬਰ-ਜ਼ਿਨਾਹ ਕਰਨ ਦੇ ਮਾਮਲੇ ਵਿਚ ਪਿੰਡ ਫੈਦਾ ਦੇ ਰਹਿਣ ਵਾਲੇ ਕੁਲਬੀਰ ਸਿੰਘ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ’ਤੇ 10,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਉਥੇ ਹੀ ਇਸ ਮਾਮਲੇ ਵਿਚ ਸਹਿ-ਮੁਲਜ਼ਮ ਆਟੋ ਚਾਲਕ ਨੂੰ ਪੀੜਤਾ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ’ਤੇ ਅਦਾਲਤ ਨੇ ਆਟੋ ਚਾਲਕ ਨੂੰ ਬਰੀ ਕਰ ਦਿੱਤਾ। ਦਾਇਰ ਮਾਮਲਾ 2019 ਦਾ ਹੈ।ਉਕਤ ਵਿਅਕਤੀ ਨੇ ਸੈਕਟਰ-19 ਥਾਣਾ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਧੀ ਸ਼ਿਮਲਾ ਜਾਣ ਲਈ ਸੈਕਟਰ-43 ਦੇ ਬੱਸ ਅੱਡੇ ’ਤੇ ਗਈ ਸੀ। ਇਸ ਦੌਰਾਨ ਪਿੰਡ ਫੈਦਾ ਦਾ ਰਹਿਣ ਵਾਲਾ ਕੁਲਬੀਰ ਸਿੰਘ ਕੁੜੀ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ। ਨਾਬਾਲਗਾ ਨੇ ਦੱਸਿਆ ਕਿ ਉਸਦੇ ਨਾਲ ਹੋਟਲ ਵਿਚ ਕੁਲਬੀਰ ਸਿੰਘ ਅਤੇ ਆਟੋ ਚਾਲਕ ਨੇ ਜਬਰ-ਜ਼ਿਨਾਹ ਦੀ ਘਟਨਾ ਨੂੰ ਅੰਜਾਮ ਦਿੱਤਾ। ਸੈਕਟਰ-19 ਥਾਣਾ ਪੁਲਸ ਨੇ ਕੁਲਬੀਰ ਸਿੰਘ ਅਤੇ ਆਟੋ ਚਾਲਕ ਖ਼ਿਲਾਫ਼ ਅਗਵਾ ਕਰਨ ਅਤੇ ਜਬਰ-ਜ਼ਿਨਾਹ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।