ਰੇਖਾ ਗੁਪਤਾ ਦਿੱਲੀ ਦੀ ਨਵੀਂ ਮੁੱਖ ਮੰਤਰੀ
.jpg)
ਨਵੀਂ ਦਿੱਲੀ : ਕੌਮੀ ਰਾਜਧਾਨੀ ਦੀ ਸੱਤਾ ’ਚ 26 ਸਾਲ ਮਗਰੋਂ ਪਰਤੀ ਭਾਜਪਾ ਨੇ ਸ਼ਾਲੀਮਾਰ ਬਾਗ਼ ਤੋਂ ਵਿਧਾਇਕ ਰੇਖਾ ਗੁਪਤਾ (50) ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ। ਉਸ ਨੂੰ ਅੱਜ ਇਥੇ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਦੌਰਾਨ ਦਿੱਲੀ ਵਿਧਾਨ ਸਭਾ ’ਚ ਸਦਨ ਦਾ ਆਗੂ ਚੁਣਿਆ ਗਿਆ। ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਅਤੇ ਉਨ੍ਹਾਂ ਦੇ ਕੈਬਨਿਟ ਮੰਤਰੀ ਭਲਕੇ ਵੀਰਵਾਰ ਨੂੰ ਦੁਪਹਿਰ 12 ਵਜੇ ਇਥੋਂ ਦੇ ਰਾਮਲੀਲਾ ਮੈਦਾਨ ’ਚ ਹਲਫ਼ ਲੈਣਗੇ। ਰੇਖਾ ਗੁਪਤਾ ਨੇ ਸ਼ਾਲੀਮਾਰ ਬਾਗ਼ ’ਚ ‘ਆਪ’ ਦੀ ਉਮੀਦਵਾਰ ਬੰਦਨਾ ਕੁਮਾਰੀ ਨੂੰ 29 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ। ਭਾਜਪਾ ਦੇ ਕੇਂਦਰੀ ਨਿਗਰਾਨਾਂ ਰਵੀ ਸ਼ੰਕਰ ਪ੍ਰਸਾਦ ਅਤੇ ਓਪੀ ਧਨਖੜ ਦੀ ਮੌਜੂਦਗੀ ’ਚ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਹੋਈ ਜਿਸ ’ਚ ਸਾਰੇ 48 ਵਿਧਾਇਕ ਹਾਜ਼ਰ ਸਨ। ਉਨ੍ਹਾਂ ਦੇ ਨਾਮ ਦੀ ਤਜਵੀਜ਼ ਪਾਰਟੀ ਦੇ ਸੀਨੀਅਰ ਆਗੂਆਂ ਪਰਵੇਸ਼ ਵਰਮਾ, ਵਿਜੇਂਦਰ ਗੁਪਤਾ ਅਤੇ ਸਤੀਸ਼ ਉਪਾਧਿਆਏ ਨੇ ਪੇਸ਼ ਕੀਤੀ। ਮੁੱਖ ਮੰਤਰੀ ਚੁਣੀ ਗਈ ਰੇਖਾ ਗੁਪਤਾ ਨੇ ਸਰਕਾਰ ਬਣਾਉਣ ਲਈ ਉਪ ਰਾਜਪਾਲ ਵੀਕੇ ਸਕਸੈਨਾ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਉਹ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਹੋਣਗੇ। ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ, ਸ਼ੀਲਾ ਦੀਕਸ਼ਤ ਅਤੇ ਆਤਿਸ਼ੀ ਇਸ ਅਹੁਦੇ ’ਤੇ ਸੇਵਾਵਾਂ ਨਿਭਾ ਚੁੱਕੀਆਂ ਹਨ। ਭਾਜਪਾ ਸ਼ਾਸਿਤ ਸੂਬਿਆਂ ’ਚ ਉਹ ਪਹਿਲੀ ਮਹਿਲਾ ਮੁੱਖ ਮੰਤਰੀ ਹੋਵੇਗੀ। ਦਿੱਲੀ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਆ ਗਏ ਸਨ ਅਤੇ ਭਾਜਪਾ ਵੱਲੋਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ 11 ਦਿਨਾਂ ਮਗਰੋਂ ਕੀਤਾ ਗਿਆ ਹੈ। ਭਲਕੇ ਹੋਣ ਵਾਲੇ ਹਲਫ਼ਦਾਰੀ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਐੱਨਡੀਏ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀਆਂ ਸਣੇ ਕਰੀਬ 50 ਹਜ਼ਾਰ ਵਿਅਕਤੀ ਹਿੱਸਾ ਲੈਣਗੇ। ਹਲਫ਼ਦਾਰੀ ਸਮਾਗਮ ਲਈ ਕੇਂਦਰੀ, ਉੱਤਰੀ ਤੇ ਨਵੀਂ ਦਿੱਲੀ ਇਲਾਕਿਆਂ ’ਚ 25 ਹਜ਼ਾਰ ਤੋਂ ਵੱਧ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ।
ਮੁੱਖ ਮੰਤਰੀ ਵਜੋਂ ਚੁਣੇ ਜਾਣ ਮਗਰੋਂ ਰੇਖਾ ਗੁਪਤਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਦਿੱਲੀ ਦੇ ਹਰੇਕ ਨਾਗਰਿਕ ਦੀ ਭਲਾਈ, ਸ਼ਕਤੀਕਰਨ ਅਤੇ ਵਿਕਾਸ ਲਈ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨਗੇ। ਰੇਖਾ ਨੇ ‘ਐਕਸ’ ’ਤੇ ਕਿਹਾ, ‘‘ਮੈਂ ਦਿੱਲੀ ਨੂੰ ਨਵੇਂ ਮੁਕਾਮ ’ਤੇ ਲਿਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਮੇਰੇ ’ਤੇ ਭਰੋਸਾ ਜਤਾਉਣ ਅਤੇ ਮੁੱਖ ਮੰਤਰੀ ਅਹੁਦੇ ਦੀ ਜ਼ਿੰਮੇਵਾਰੀ ਸੌਂਪਣ ਲਈ ਮੈਂ ਸਾਰੀ ਸਿਖਰਲੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਇਸ ਭਰੋਸੇ ਅਤੇ ਹਮਾਇਤ ਨੇ ਮੇਰੇ ’ਚ ਨਵੀਂ ਊਰਜਾ ਭਰੀ ਹੈ ਅਤੇ ਮੈਨੂੰ ਚੰਗਾ ਕੰਮ ਕਰਨ ਦੀ ਪ੍ਰੇਰਣਾ ਦਿੱਤੀ ਹੈ।’’ ਰੇਖਾ ਗੁਪਤਾ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀ ਸਾਬਕਾ ਪ੍ਰਧਾਨ ਅਤੇ ਕਾਊਂਸਲਰ ਰਹੀ ਹੈ। ਦਿੱਲੀ ਯੂਨੀਵਰਸਿਟੀ ਤੋਂ ਲਾਅ ਗਰੈਜੁੂਏਟ ਰੇਖਾ 1992 ’ਚ ਏਬੀਵੀਪੀ ਦੀ ਮੈਂਬਰ ਬਣ ਕੇ ਸਿਆਸਤ ’ਚ ਦਾਖ਼ਲ ਹੋਈ। ਉਸ ਦੇ ਆਰਐੱਸਐੱਸ ਨਾਲ ਨੇੜਲੇ ਸਬੰਧ ਹਨ ਅਤੇ ਉਹ ਮਹਿਲਾਵਾਂ ਨਾਲ ਸਬੰਧਤ ਮਾਮਲਿਆਂ ’ਚ ਪੂਰੀ ਸਰਗਰਮ ਰਹਿੰਦੀ ਹੈ। ਰੇਖਾ ਗੁਪਤਾ ਭਾਜਪਾ ਦੇ ਮਹਿਲਾ ਮੋਰਚਾ ਦੀ ਕੌਮੀ ਮੀਤ ਪ੍ਰਧਾਨ ਅਤੇ ਪਾਰਟੀ ਦੀ ਕੌਮੀ ਕਾਰਜਕਾਰਨੀ ਦੀ ਮੈਂਬਰ ਵੀ ਹੈ।
Dry Mouth ਦੇ ਕੀ ਨੇ ਕਾਰਨ! ਜਾਣੋ ਇਸ ਦੇ ਲੱਛਣ ਤੇ ਇਲਾਜ
ਕੀ ਸੱਚਮੁੱਚ ਯੁਜਵੇਂਦਰ ਚਾਹਲ ਨੇ ਧਨਸ਼ਰੀ ਨੂੰ ਦਿੱਤੇ 60 ਕਰੋੜ ਰੁਪਏ? ਸੱਚ ਆਇਆ ਸਾਹਮਣੇ, ਜਾਣੋ ਪੂਰੀ ਕਹਾਣੀ
ਸਰਸ ਮੇਲੇ ’ਚ ਰਣਜੀਤ ਬਾਵਾ ਨੇ ਲਾਈਆਂ ਰੌਣਕਾਂ