ਸ਼ੁਭਕਰਨ ਦੀ ਮੌਤ ਦੇ ਵਿਰੋਧ ਵਿੱਚ ‘ਕਾਲਾ ਦਿਵਸ’ ਮਨਾਇਆ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਤੇ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਕਿਸਾਨਾਂ-ਮਜ਼ਦੂਰਾਂ ਉਪਰ ਕੀਤੇ ਜਾਰ ਹੇ ਜਬਰ ਖ਼ਿਲਾਫ਼ ਅੱਜ ‘ਕਾਲਾ ਦਿਨ’ ਮਨਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਗ੍ਰਹਿ ਮੰਤਰੀ ਅਨਿਲ ਵਿੱਜ ਦੇ ਪੁਤਲੇ ਫੂਕ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਥਾਨਕ ਅਨਾਜ ਮੰਡੀ ’ਚ ਰੋਸ ਰੈਲੀ ਕੀਤੀ ਗਈ ਤੇ ਮਗਰੋਂ ਪੁਤਲੇ ਚੁੱਕ ਕੇ ਕਿਸਾਨਾਂ ਨੇ ਦਿੱਲੀ-ਲੁਧਿਆਣਾ ਹਾਈਵੇਅ ’ਤੇ ਸਥਿਤ ਬਰਨਾਲਾ ਚੌਕ ਤੱਕ ਰੋਸ ਮਾਰਚ ਕੀਤਾ। ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਜਥੇਬੰਦੀ ਦੇ ਆਗੂਆਂ ਨੂੰ ‘ਗੱਦਾਰ ਤੇ ਡਰਪੋਕ’ ਕਹੇ ਜਾਣ ’ਤੇ ਜਵਾਬ ਦਿੰਦਿਆਂ ਕਿਹਾ ਕਿ ਸਾਡੀ ਜਥੇਬੰਦੀ ਕਿਸੇ ਦੇ ਬਣਾਏ ਰਾਹਾਂ ’ਤੇ ਨਹੀਂ ਤੁਰਦੀ, ਅਸੀਂ ਆਪਣੇ ਬਣਾਏ ਰਾਹਾਂ ’ਤੇ ਤੁਰਦੇ ਹਾਂ ਅਤੇ ਅਸੂਲਾਂ ’ਤੇ ਖੜ੍ਹ ਕੇ ਪਹਿਰਾ ਦਿੰਦੇ ਹਾਂ। ਸ਼ੁਭਕਰਨ ਸਿੰਘ ਦੀ ਸ਼ਹਾਦਤ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇੱਕ ਘਰ ਦਾ ਚਿਰਾਗ ਬੁੱਝ ਗਿਆ ਪਰ ਇਹ ਅੱਗ ਸਿਰਫ਼ ਉਸ ਘਰ ਨਹੀਂ, ਸਗੋਂ ਸਾਡੇ ਸਾਰਿਆਂ ਦੇ ਘਰਾਂ ਵਿੱਚ ਲੱਗੀ ਹੈ। ਇਸੇ ਦੌਰਾਨ ਅੱਜ ਸਮਾਜ ਸੇਵੀ ਸੰਸਥਾਵਾਂ ਦੀ ਅਗਵਾਈ ਹੇਠ ਇਥੇ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਅੱਗੇ ਕੇਂਦਰ ਦੀ ਭਾਜਪਾ ਤੇ ਹਰਿਆਣਾ ਸਰਕਾਰ ਖਿਲਾਫ਼ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ।