ਉੱਤਰ ਭਾਰਤ ’ਚ ਬਰਫ਼ਬਾਰੀ ਤੇ ਮੀਂਹ ਦਾ ਕਹਿਰ
.jpg)
ਨਵੀਂ ਦਿੱਲੀ, 28 ਫਰਵਰੀ : ਉੱਤਰ ਭਾਰਤ ਦੇ ਕਈ ਹਿੱਸਿਆਂ ’ਚ ਸ਼ੁੱਕਰਵਾਰ ਨੂੰ ਭਾਰੀ ਬਰਫ਼ਬਾਰੀ ਅਤੇ ਮੀਂਹ ਪੈਣ ਕਾਰਨ ਜਨ-ਜੀਵਨ ਠੱਪ ਹੋ ਕੇ ਰਹਿ ਗਿਆ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਸਰਹੱਦੀ ਸੜਕ ਸੰਗਠਨ (ਬੀਆਰਓ) ਦੇ 57 ਮਜ਼ਦੂਰ ਦੱਬ ਗਏ ਜਿਨ੍ਹਾਂ ’ਚੋਂ 32 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਉਧਰ ਖ਼ਰਾਬ ਮੌਸਮ ਕਾਰਨ ਜੰਮੂ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ’ਚ ਬਰਫ਼ੀਲੇ ਤੂਫ਼ਾਨ ਦਾ ਖ਼ਤਰਾ ਮੰਡਰਾ ਰਿਹਾ ਹੈ। ਚੰਬਾ ਜ਼ਿਲ੍ਹੇ ਦੀ ਪਾਂਘੀ ਘਾਟੀ ਵਿੱਚ ਬਰਫ਼ ਦੇ ਤੋਦੇ ਡਿੱਗਣ ਕਾਰਨ ਕੁਝ ਵਾਹਨ ਦੱਬ ਗਏ ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਜੰਮੂ ਅਤੇ ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਤੀਜੇ ਦਿਨ ਮੀਂਹ ਪੈਣ ਕਾਰਨ ਅਧਿਕਾਰੀਆਂ ਨੇ ਕਈ ਜ਼ਿਲ੍ਹਿਆਂ ’ਚ ਸਕੂਲ ਬੰਦ ਕਰ ਦਿੱਤੇ। ਪੰਜਾਬ ਅਤੇ ਹਰਿਆਣਾ ਦੇ ਵੀ ਜ਼ਿਆਦਾਤਰ ਹਿੱਸਿਆਂ ’ਚ ਮੀਂਹ ਪੈਣ ਕਾਰਨ ਪਾਰਾ ਡਿੱਗ ਗਿਆ। ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਾਣਾ ਨੇੜੇ ਬਰਫ਼ ਹਟਾਉਣ ਦੇ ਕੰਮ ’ਚ ਲੱਗੇ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਦੇ 57 ਮਜ਼ਦੂਰ ਅੱਜ ਬਰਫ਼ ਦੇ ਤੋਦਿਆਂ ਹੇਠ ਦੱਬ ਗਏ। ਇਨ੍ਹਾਂ ’ਚੋਂ 32 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਆਈਟੀਬੀਪੀ ਦੇ ਮਾਣਾ ਪਿੰਡ ਸਥਿਤ ਕੈਂਪ ’ਚ ਇਲਾਜ ਲਈ ਲਿਆਂਦਾ ਗਿਆ ਹੈ। ਫੌਜ ਮੁਤਾਬਕ ਚਾਰ ਮਜ਼ਦੂਰਾਂ ਦੀ ਹਾਲਤ ਨਾਜ਼ੁਕ ਹੈ। ਬਰਫ਼ ਦੇ ਹੋਰ ਤੋਦੇ ਡਿੱਗਣ ਅਤੇ ਖ਼ਰਾਬ ਮੌਸਮ ਕਾਰਨ ਬਚਾਅ ਕਾਰਜਾਂ ’ਚ ਅੜਿੱਕਾ ਪਿਆ। ਬਦਰੀਨਾਥ ਤੋਂ ਤਿੰਨ ਕਿਲੋਮੀਟਰ ਦੀ ਦੂਰੀ ’ਤੇ ਪੈਂਦਾ ਮਾਣਾ ਪਿੰਡ ਤਿੱਬਤ ਸਰਹੱਦ ’ਤੇ ਭਾਰਤ ਦਾ ਆਖਰੀ ਪਿੰਡ ਹੈ ਜੋ 3,200 ਮੀਟਰ ਦੀ ਉਚਾਈ ’ਤੇ ਸਥਿਤ ਹੈ। ਪਿੰਡ ਮਾਣਾ ਦੇ ਮੁਖੀ ਨੇ ਕਿਹਾ ਕਿ ਪਹਿਲਾਂ ਸਰਦੀਆਂ ’ਚ ਇਹ ਕੈਂਪ ਬਦਰੀਨਾਥ ਤਬਦੀਲ ਹੋ ਜਾਂਦਾ ਸੀ ਪਰ ਐਤਕੀਂ ਘੱਟ ਬਰਫ਼ਬਾਰੀ ਹੋਣ ਕਾਰਨ ਕੈਂਪ ਬਦਲਿਆ ਨਹੀਂ ਗਿਆ। ਫੌਜ, ਆਈਟੀਬੀਪੀ, ਐੱਨਡੀਆਰਐੱਫ ਅਤੇ ਐੱਸਡੀਆਰਐੱਫ ਦੇ ਜਵਾਨ ਬਚਾਅ ਕਾਰਜਾਂ ’ਚ ਜੁਟੇ ਹੋਏ ਹਨ।
ਹਾਲੇ ਤੱਕ ਸਾਨੂੰ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਰੇ ਉਪਲੱਬਧ ਵਸੀਲਿਆਂ ਦੀ ਵਰਤੋਂ ਕਰਦਿਆਂ ਫਸੇ ਹੋਏ ਮੁਲਾਜ਼ਮਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੋਸ਼ੀਮੱਠ ਦੇ ਮਾਣਾ ਇਲਾਕੇ ’ਚ ਬੀਆਰਓ ਦੇ ਜਨਰਲ ਰਿਜ਼ਰਵ ਇੰਜਨੀਅਰਿੰਗ ਫੋਰਸ ਦੇ ਕੈਂਪ ਨਾਲ ਭਾਣਾ ਵਾਪਰਿਆ ਹੈ ਅਤੇ ਉਨ੍ਹਾਂ ਉਥੋਂ ਦੇ ਹਾਲਾਤ ਬਾਰੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਫੋਨ ’ਤੇ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਫੌਜ ਦੀਆਂ ਸਥਾਨਕ ਇਕਾਈਆਂ ਵੀ ਉਥੇ ਪਹੁੰਚ ਗਈਆਂ ਹਨ। ਮੁੱਖ ਮੰਤਰੀ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਈਟੀਬੀਪੀ ਅਤੇ ਹੋਰ ਵਿਭਾਗਾਂ ਦੀ ਸਹਾਇਤਾ ਨਾਲ ਮਜ਼ਦੂਰਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਸਥਿਤ ਡਿਫੈਂਸ ਜੀਓਇਨਫਾਰਮੈਟਿਕਸ ਰਿਸਰਚ ਐਸਟੈਬਲਿਸ਼ਮੈਂਟ ਨੇ ਵੀਰਵਾਰ ਸ਼ਾਮ 5 ਵਜੇ ਤੋਂ ਅਗਲੇ 24 ਘੰਟਿਆਂ ਲਈ ਚਮੋਲੀ, ਉੱਤਰਕਾਸ਼ੀ, ਰੁਦਰਪ੍ਰਯਾਗ, ਪਿਥੌਰਾਗੜ੍ਹ ਅਤੇ ਬਾਗੇਸ਼ਵਰ ਜ਼ਿਲ੍ਹਿਆਂ ’ਚ ਬਰਫ਼ੀਲੇ ਤੂਫ਼ਾਨ ਦੀ ਚਿਤਾਵਨੀ ਜਾਰੀ ਕੀਤੀ ਸੀ। ਜੰਮੂ ’ਚ ਊਧਮਪੁਰ ਜ਼ਿਲ੍ਹੇ ਦੇ ਮੌਂਗਾਰੀ ਨੇੜੇ ਦੋਪਹੀਆ ਵਾਹਨ ’ਤੇ ਪਹਾੜੀ ਤੋਂ ਚੱਟਾਨ ਡਿੱਗਣ ਕਾਰਨ ਇਕ ਮਹਿਲਾ ਅਤੇ ਉਸ ਦੇ ਪੁੱਤਰ ਦੀ ਮੌਤ ਹੋ ਗਈ। ਕਠੂਆ ਜ਼ਿਲ੍ਹੇ ਦੇ ਰਾਜਬਾਗ ਇਲਾਕੇ ’ਚ ਉੱਝ ਦਰਿਆ ਨੇੜਿਉਂ ਪੁਲੀਸ ਅਤੇ ਐੱਸਡੀਆਰਐੱਫ ਦੀ ਟੀਮ ਨੇ 11 ਮਜ਼ਦੂਰਾਂ ਨੂੰ ਬਚਾਇਆ। ਅਧਿਕਾਰੀਆਂ ਨੇ ਕਿਹਾ ਕਿ ਉਹ ਇਕ ਉਸਾਰੀ ਵਾਲੀ ਥਾਂ ਨੇੜੇ ਇਕ ਸ਼ੈੱਡ ’ਚ ਠਹਿਰੇ ਹੋਏ ਸਨ ਅਤੇ ਦਰਿਆ ਚੜ੍ਹਿਆ ਹੋਣ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਸੀ। ਇਸੇ ਤਰ੍ਹਾਂ ਨਿਕੀ ਤਵੀ ਇਲਾਕੇ ’ਚ ਤਵੀ ਦਰਿਆ ’ਚ ਡੁੱਬੇ ਡੰਪਰ ਦੇ ਡਰਾਈਵਰ ਨੂੰ ਪੁਲੀਸ ਅਤੇ ਐੱਸਡੀਆਰਐੱਫ ਦੇ ਜਵਾਨਾਂ ਨੇ ਬਚਾਇਆ। ਰਾਮਸੂ ਅਤੇ ਕਾਜ਼ੀਗੁੰਡ ਵਿਚਕਾਰ ਜਮ੍ਹਾਂ ਬਰਫ਼ ਅਤੇ ਨਸ਼ਰੀ ਤੇ ਬਨਿਹਾਲ ਵਿਚਕਾਰ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਅਤੇ ਗਾਰੇ ਕਾਰਨ ਜੰਮੂ-ਸ੍ਰੀਨਗਰ ਕੌਮੀ ਰਾਜਮਾਰਗ ਅੱਜ ਵੀ ਬੰਦ ਰਿਹਾ। ਅਧਿਕਾਰੀਆਂ ਮੁਤਾਬਕ ਵੀਰਵਾਰ ਰਾਤ ਤੋਂ ਜਾਰੀ ਬਰਫ਼ਬਾਰੀ ਕਾਰਨ ਕਸ਼ਮੀਰ ’ਚ ਰੇਲ, ਹਵਾਈ ਅਤੇ ਸੜਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਸ੍ਰੀਨਗਰ ਹਵਾਈ ਅੱਡੇ ’ਤੇ ਅੱਜ ਸਵੇਰੇ ਸਾਰੀਆਂ ਉਡਾਣਾਂ ’ਚ ਦੇਰੀ ਹੋਈ।
ਪਟੜੀਆਂ ’ਤੇ ਭਾਰੀ ਬਰਫ਼ ਜਮ੍ਹਾਂ ਹੋਣ ਕਾਰਨ ਬੜਗਾਮ-ਬਾਰਾਮੁੱਲਾ ਸੈਕਸ਼ਨ ’ਤੇ ਰੇਲ ਸੇਵਾਵਾਂ ਠੱਪ ਰਹੀਆਂ। ਜੰਮੂ ਕਸ਼ਮੀਰ ਸਰਕਾਰ ਨੇ ਵਾਦੀ ਅਤੇ ਜੰਮੂ ਡਿਵੀਜ਼ਨ ਦੇ ਕੁਝ ਇਲਾਕਿਆਂ ’ਚ ਖ਼ਰਾਬ ਮੌਸਮ ਕਾਰਨ ਸਕੂਲਾਂ ’ਚ ਸਰਦੀ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਭਾਰੀ ਬਰਫ਼ਬਾਰੀ ਅਤੇ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ’ਚ ਵੀ ਜ਼ਮੀਨ ਖਿਸਕਣ ਕਾਰਨ ਸੜਕਾਂ ਬੰਦ ਹੋ ਗਈਆਂ ਹਨ। ਭਾਰੀ ਬਰਫ਼ਬਾਰੀ ਕਾਰਨ ਸੂਬੇ ’ਚ 580 ਸੜਕਾਂ ਬੰਦ ਹਨ ਜਿਸ ਕਾਰਨ ਕੁੱਲੂ, ਲਾਹੌਲ ਅਤੇ ਸਪਿਤੀ, ਕਿਨੌਰ, ਚੰਬਾ ਅਤੇ ਸ਼ਿਮਲਾ ਜ਼ਿਲ੍ਹਿਆਂ ਦੇ ਕਈ ਇਲਾਕੇ ਸੂਬੇ ਦੇ ਬਾਕੀ ਹਿੱਸਿਆਂ ਨਾਲੋਂ ਕੱਟ ਗਏ ਹਨ। ਚੰਬਾ ਅਤੇ ਮਨਾਲੀ ’ਚ ਕਾਲਜਾਂ ਸਮੇਤ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਕੁੱਲੂ ’ਚ ਮੋਹਲੇਧਾਰ ਮੀਂਹ ਕਾਰਨ ਅਖਾੜਾ ਬਾਜ਼ਾਰ ਅਤੇ ਗਾਂਧੀ ਨਗਰ ’ਚ ਪਾਣੀ ਭਰ ਗਿਆ। ਪ੍ਰਸ਼ਾਸਨ ਨੇ ਸੋਲਾਂਗ ਨਾਲਾ, ਗੁਲਾਬਾ, ਅਟਲ ਟਨਲ ਅਤੇ ਰੋਹਤਾਂਗ ’ਚ ਬਰਫ਼ਬਾਰੀ ਕਾਰਨ ਨਹਿਰੂ ਕੁੰਡ ਤੋਂ ਅੱਗੇ ਵਾਹਨਾਂ ਦੀ ਆਵਾਜਾਈ ’ਤੇ ਪਾਬੰਦੀ ਲਗਾ ਦਿੱਤੀ ਹੈ। ਢਿੱਗਾਂ ਡਿੱਗਣ ਕਾਰਨ ਮਨਾਲੀ-ਕੀਰਤਪੁਰ ਮਾਰਗ ’ਤੇ ਬਨਾਲਾ ’ਚ ਆਵਾਜਾਈ ’ਚ ਅੜਿੱਕਾ ਪਿਆ।
ਮੌਸਮ ਵਿਭਾਗ ਨੇ ਲਾਹੌਲ ਸਪਿਤੀ, ਕਿਨੌਰ, ਚੰਬਾ, ਕੁੱਲੂ, ਸ਼ਿਮਲਾ, ਮੰਡੀ, ਸਿਰਮੌਰ ਅਤੇ ਕਾਂਗੜਾ ਜ਼ਿਲ੍ਹਿਆਂ ’ਚ ਭਾਰੀ ਬਰਫ਼ਬਾਰੀ ਦਾ ਓਰੈਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਚੰਬਾ, ਕੁੱਲੂ, ਸ਼ਿਮਲਾ, ਮੰਡੀ, ਸਿਰਮੌਰ ਅਤੇ ਕਾਂਗੜਾ ਜ਼ਿਲ੍ਹਿਆਂ ’ਚ ਕੁਝ ਥਾਵਾਂ ’ਤੇ ਮੋਹਲੇਧਾਰ ਮੀਂਹ ਪੈ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰਾਂ ਤੋਂ ਬਾਹਰ ਨਾ ਨਿਕਲਣ। ਕੁੱਝ ਥਾਵਾਂ ’ਤੇ ਬਰਫ਼ੀਲਾ ਤੂਫ਼ਾਨ ਆਉਣ ਦੀ ਵੀ ਸੰਭਾਵਨਾ ਜਤਾਈ ਗਈ ਹੈ।
ਦੁੱਧ ਪੀਂਦੇ ਸਮੇਂ ਕਰਦੇ ਹੋ ਗਲਤੀਆਂ ਤਾਂ ਹੋ ਜਾਓ ਸਾਵਧਾਨ! ਜਾਣੋ ਦੁੱਧ ਪੀਣ ਦਾ ਕੀ ਹੈ ਸਹੀ ਤਰੀਕਾ
'ਮੇਰੇ ਨਾਲ ਵੀ ਇਹੀ ਹੋਇਆ ਸੀ..' ਸੁਨੰਦਾ ਸ਼ਰਮਾ ਦੇ ਸਮਰਥਨ 'ਚ ਆਈ ਹਿਮਾਂਸ਼ੀ ਖੁਰਾਨਾ ਨੇ ਵੀ ਤੋੜੀ ਚੁੱਪੀ
ਤੰਬਾਕੂ ਵਾਲ਼ੇ ਖੋਖਿਆ ਤੇ ਬਿਕ ਰਹੇ ਭੰਗ ਦੇ ਗੋਲਿਆਂ ਨੂੰ ਬੈਨ ਕਰਨ ਸੰਬੰਧੀ ਐਸ ਐਸ ਪੀ ਪਟਿਆਲਾ ਨੂੰ ਦਿੱਤਾ ਮੰਗ ਪੱਤਰ- ਗੁਰਮੁੱਖ ਗੁਰੂ