ਜ਼ੀਰਕਪੁਰ : ਢਕੋਲੀ ’ਚ ਥਾਣੇ ਤੋਂ ਕੁੱਝ ਦੂਰੀ ’ਤੇ ਸਪਾ ਸੈਂਟਰ ’ਚ ਥੈਰੈਪੀ ਦੀ ਆੜ ’ਚ ਚੱਲ ਰਹੇ ਦੇਹ ਵਪਾਰ ਦਾ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਨਾਲ ਹੀ ਸਪਾ ਸੈਂਟਰ ਦੇ ਮਾਲਕ ਮੈਨੇਜਰ ਅਤੇ ਗਾਹਕ ਨੂੰ ਕਾਬੂ ਕੀਤਾ ਹੈ। ਪੁਲਸ ਨੇ ਜਦੋਂ ਛਾਪੇਮਾਰੀ ਕੀਤੀ ਤਾਂ ਉੱਥੇ 5 ਕੁੜੀਆਂ ਮਿਲੀਆਂ, ਜਿਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਉੱਥੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਦੀ ਪਛਾਣ ਸੁਨੀਲ ਸ਼ਰਮਾ ਗਾਹਕ, ਦਿਨੇਸ਼ ਸ਼ਰਮਾ ਮੈਨੇਜਰ ਤੇ ਸਪਾ ਮਾਲਕ ਸਤਨਾਮ ਸਿੰਘ ਵਜੋਂ ਹੋਈ ਹੈ। ਪੁਲਸ ਅਨੁਸਾਰ ਅੰਬਾਲਾ ਦੇ ਰਹਿਣ ਵਾਲੇ ਸਤਨਾਮ ਸਿੰਘ ਨੇ ਗੁਰੂ ਨਾਨਕ ਐਨਕਲੇਵ ’ਚ ਅਰੋਮਾਂ ਥੈਰੈਪੀ ਸਪਾ ਸੈਂਟਰ ਖੋਲ੍ਹਿਆ ਸੀ, ਜੋ ਥਾਣੇ ਨੇੜੇ ਹੈ। ਉਸ ਦਾ ਮੈਨੇਜਰ ਦਿਨੇਸ਼ ਸ਼ਰਮਾ ਜਿਸਮਫਰੋਸ਼ੀ ਦਾ ਧੰਦਾ ਕਰਵਾ ਰਿਹਾ ਸੀ। ਪਤਾ ਲੱਗਾ ਹੈ ਕਿ ਸਪਾ ਸੈਂਟਰ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਪਰ ਪੁਲਸ ਅਧਿਕਾਰੀਆਂ ਨੂੰ ਭਿਣਕ ਤੱਕ ਨਹੀਂ ਲੱਗੀ। ਹੁਣ ਛਾਪੇਮਾਰੀ ਦੌਰਾਨ ਸੁਨੀਲ ਸ਼ਰਮਾ ਨੂੰ ਕੁੜੀ ਨਾਲ ਇਤਰਾਜ਼ਯੋਗ ਹਾਲਤ ’ਚ ਫੜ੍ਹਿਆ ਹੈ।
ਅਧਿਕਾਰੀਆਂ ਨੇ ਮੈਨੇਜਰ ਦਿਨੇਸ਼ ਨੂੰ ਹਿਰਾਸਤ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਸੈਂਟਰ ’ਚ ਕੰਮ ਕਰਨ ਵਾਲੀਆਂ ਕੁੜੀਆਂ ਨੂੰ ਥਾਣੇ ਲਿਜਾਇਆ ਗਿਆ। ਉੱਥੇ ਮਹਿਲਾ ਅਧਿਕਾਰੀ ਨੇ ਜਦ ਪੁੱਛਗਿੱਛ ਕੀਤੀ ਤਾਂ ਕੁੜੀਆਂ ਨੇ ਦੱਸਿਆ ਕਿ ਦਿਨੇਸ਼ ਰੁਜ਼ਗਾਰ ਦਿਵਾਉਣ ਦਾ ਲਾਲਚ ਦੇ ਕੇ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਸੀ। ਇਸ ਬਾਰੇ ਡੀ. ਐੱਸ. ਪੀ. ਜਸਪਿੰਦਰ ਸਿੰਘ ਗਿੱਲ ਨੇ ਕਿਹਾ ਕਿ ਥਾਣੇ ਸਾਹਮਣੇ ਬਣੇ ਸਪਾ ਸੈਂਟਰ ’ਚ ਮਸਾਜ ਦੀ ਆੜ ’ਚ ਦੇਹ ਵਪਾਰ ਦੀ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਟੀਮ ਵੱਲੋਂ ਛਾਪੇਮਾਰੀ ਕੀਤੀ ਗਈ। ਉੱਥੇ ਇਕ ਵਿਅਕਤੀ ਇਤਰਾਜ਼ਯੋਗ ਹਾਲਤ ’ਚ ਮਿਲਿਆ। ਮੌਕੇ ’ਤੇ ਤਿੰਨ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ।