ਅਮਰੀਕੀ ਨੇਮਾਂ ਤਹਿਤ ਭਾਰਤੀਆਂ ਦੀ ਹੋਈ ਵਤਨ ਵਾਪਸੀ: ਜੈਸ਼ੰਕਰ

ਨਵੀਂ ਦਿੱਲੀ : ਅਮਰੀਕਾ ਵੱਲੋਂ ਮੁਲਕ ’ਚੋਂ ਕੱਢੇ ਭਾਰਤੀਆਂ ਦੇ ਹੱਥਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾਉਣ ਦੇ ਵਿਵਾਦ ’ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀਰਵਾਰ ਨੂੰ ਕਿਹਾ ਕਿ 2012 ਦੇ ਅਮਰੀਕੀ ਨੇਮਾਂ ਮੁਤਾਬਕ ਹੀ ਦੇਸ਼ ’ਚੋਂ ਕੱਢੇ (ਡਿਪੋਰਟ) ਜਾਣ ਵਾਲੇ ਲੋਕਾਂ ’ਤੇ ‘ਪਾਬੰਦੀਆਂ’ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ’ਚ ਔਰਤਾਂ ਅਤੇ ਬੱਚਿਆਂ ਨੂੰ ਛੋਟ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ, ਅਮਰੀਕੀ ਸਰਕਾਰ ਨਾਲ ਇਹ ਯਕੀਨੀ ਬਣਾਉਣ ਲਈ ਗੱਲਬਾਤ ਕਰ ਰਿਹਾ ਹੈ ਕਿ ਮੁਲਕ ’ਚੋਂ ਕੱਢੇ ਜਾਣ ਵਾਲੇ ਲੋਕਾਂ ਨਾਲ ਕਿਸੇ ਵੀ ਤਰੀਕੇ ਨਾਲ ਦੁਰਵਿਹਾਰ ਨਾ ਕੀਤਾ ਜਾਵੇ। ਅਮਰੀਕਾ ’ਚੋਂ ਕੱਢੇ ਗਏ 104 ਭਾਰਤੀ ਬੁੱਧਵਾਰ ਨੂੰ ਉਥੋਂ ਦੇ ਫੌਜੀ ਜਹਾਜ਼ ’ਚ ਅੰਮ੍ਰਿਤਸਰ ਪੁੱਜੇ ਸਨ। ਵਿਦੇਸ਼ ਮੰਤਰੀ ਨੇ ਰਾਜ ਸਭਾ ’ਚ ਕਿਹਾ ਕਿ ਅਮਰੀਕਾ ਵੱਲੋਂ ਗ਼ੈਰ-ਕਾਨੂੰਨੀ ਭਾਰਤੀਆਂ ਨੂੰ ਲੰਬੇ ਸਮੇਂ ਤੋਂ ਦੇਸ਼ ’ਚੋਂ ਕੱਢਿਆ ਜਾਂਦਾ ਰਿਹਾ ਹੈ ਅਤੇ 2009 ਤੋਂ ਹਰ ਸਾਲ ਸੈਂਕੜੇ ਲੋਕ ਡਿਪੋਰਟ ਹੁੰਦੇ ਆਏ ਹਨ। ਹੱਥਕੜੀਆਂ ਅਤੇ ਬੇੜੀਆਂ ਲਗਾਉਣ ਦੇ ਮੁੱਦੇ ’ਤੇ ਵਿਦੇਸ਼ ਮੰਤਰੀ ਨੇ ਕਿਹਾ, ‘‘ਇਮੀਗਰੇਸ਼ਨ ਅਤੇ ਕਸਟਮਸ ਐੱਨਫੋਰਸਮੈਂਟ (ਆਈਸੀਈ) ਵੱਲੋਂ 2012 ਤੋਂ ਲਾਗੂ ਪ੍ਰਕਿਰਿਆ ਤਹਿਤ ਪਾਬੰਦੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਆਈਸੀਈ ਨੇ ਦੱਸਿਆ ਹੈ ਕਿ ਔਰਤਾਂ ਅਤੇ ਬੱਚਿਆਂ ’ਤੇ ਕੋਈ ਸਖ਼ਤੀ ਨਹੀਂ ਹੁੰਦੀ ਹੈ ਅਤੇ ਦੇਸ਼ ਨਿਕਾਲੇ ਵਾਲੇ ਵਿਅਕਤੀਆਂ ਨੂੰ ਪਖਾਨੇ ਆਦਿ ’ਚ ਜਾਣ ਤੋਂ ਨਹੀਂ ਰੋਕਿਆ ਜਾਂਦਾ ਹੈ।’’ ਵੀਰਵਾਰ ਸਵੇਰੇ ਯੂਐੱਸ ਬਾਰਡਰ ਪੈਟਰੋਲ (ਯੂਐੱਸਬੀਪੀ) ਦੇ ਮੁਖੀ ਮਾਈਕਲ ਬੈਂਕਸ ਨੇ ‘ਐਕਸ’ ’ਤੇ ਪੋਸਟ ਕੀਤੇ ਗਏ ਇੱਕ ਵੀਡੀਓ ’ਚ ਬੇੜੀਆਂ ਨਾਲ ਬੰਨ੍ਹੇ ਭਾਰਤੀ ਨਾਗਰਿਕਾਂ ਨੂੰ ਅਮਰੀਕੀ ਹਵਾਈ ਸੈਨਾ ਦੇ ਸੀ-17 ਜਹਾਜ਼ ’ਚ ਦਿਖਾਇਆ ਹੈ। ਉਨ੍ਹਾਂ ਕਿਹਾ, ‘‘ਯੂਐੱਸਬੀਪੀ ਅਤੇ ਹੋਰਾਂ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਸਫ਼ਲਤਾਪੂਰਵਕ ਭਾਰਤ ਵਾਪਸ ਭੇਜ ਦਿੱਤਾ ਹੈ ਜੋ ਫੌਜੀ ਜਹਾਜ਼ ਦੀ ਹੁਣ ਤੱਕ ਦੀ ਸਭ ਤੋਂ ਲੰਬੀ ਦੂਰੀ ਦੀ ਡਿਪੋਰਟੇਸ਼ਨ ਸਬੰਧੀ ਉਡਾਣ ਹੈ।’’ ਰਾਜ ਸਭਾ ’ਚ ਜੈਸ਼ੰਕਰ ਨੇ ਕਿਹਾ ਕਿ ਇਹ ਆਈਸੀਈ ਨੇ ਫ਼ੈਸਲਾ ਲੈਣਾ ਹੈ ਕਿ ਉਹ ਪਰਵਾਸੀਆਂ ਨੂੰ ਕਿਹੜੇ ਜਹਾਜ਼ ਰਾਹੀਂ ਵਤਨ ਭੇਜੇ। ਸੰਸਦ ਮੈਂਬਰ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਜੈਸ਼ੰਕਰ ਨੇ ਮੰਨਿਆ ਕਿ ਅਮਰੀਕਾ ਨੇ ਪਹਿਲਾਂ ਹੀ ਭਾਰਤੀਆਂ ਦੇ ਦੇਸ਼ ਨਿਕਾਲੇ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਦੇ ਦਿੱਤੀ ਸੀ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਕਿਹਾ ਕਿ ਅਮਰੀਕੀ ਦਬਾਅ ਹੇਠ ਭਾਰਤੀਆਂ ਦੇ ਦੇਸ਼ ਨਿਕਾਲੇ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜੈਸ਼ੰਕਰ ਨੇ ਕਿਹਾ ਕਿ ਜੇ ਕੋਈ ਵਿਅਕਤੀ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ’ਚ ਰਹਿੰਦਾ ਹੈ ਤਾਂ ਸਾਰੇ ਮੁਲਕਾਂ ਨੂੰ ਤੈਅਸ਼ੁਦਾ ਕੌਮਾਂਤਰੀ ਸਿਧਾਂਤਾਂ ਮੁਤਾਬਕ ਆਪਣੇ ਨਾਗਰਿਕ ਵਾਪਸ ਲੈਣੇ ਪੈਂਦੇ ਹਨ। ਮੰਤਰੀ ਨੇ ਕਿਹਾ ਕਿ ਗ਼ੈਰ-ਕਾਨੂੰਨੀ ਆਵਾਜਾਈ ਨੂੰ ਹੱਲਾਸ਼ੇਰੀ ਨਾ ਦੇਣਾ ਸਾਡੇ ਸਾਰਿਆਂ ਦੇ ਸਾਂਝੇ ਹਿੱਤ ’ਚ ਹੈ। ਕਾਂਗਰਸ ਆਗੂ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ ਕਿ ਸਰਕਾਰ ਇਸ ਮਾਮਲੇ ’ਚ ਖਾਮੋਸ਼ ਕਿਉਂ ਰਹੀ। ਉਨ੍ਹਾਂ ਇਹ ਵੀ ਜਾਣਨਾ ਚਾਹਿਆ ਕਿ ਕੀ 7.25 ਲੱਖ ਭਾਰਤੀ ਮੋਦੀ ਸਰਕਾਰ ਵੱਲੋਂ ਮੁਲਕ ’ਚ ਨੌਕਰੀਆਂ ਨਾ ਦੇਣ ਕਾਰਨ ਵਿਦੇਸ਼ ਜਾਣ ਲਈ ਮਜਬੂਰ ਹੋਏ ਹਨ। ਸੁਰਜੇਵਾਲਾ ਨੇ ਕਿਹਾ ਕਿ ਜਿਹੜੇ ਭਾਰਤੀ ਹਿਰਾਸਤੀ ਕੇਂਦਰਾਂ ’ਚ ਬੰਦ ਹਨ, ਕੀ ਉਨ੍ਹਾਂ ਨੂੰ ਸਫ਼ਾਰਤੀ ਰਸਾਈ ਦਿੱਤੀ ਗਈ ਹੈ ਜਾਂ ਨਹੀਂ। ਉਨ੍ਹਾਂ 2013 ’ਚ ਡਿਪਲੋਮੈਟ (ਦੇਵਯਾਨੀ ਖੋਬਰਾਗੜੇ) ਨਾਲ ਕੀਤੇ ਗਏ ਦੁਰਵਿਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਸਮੇਂ ਦੀ ਸਰਕਾਰ ਨੇ ਅਮਰੀਕਾ ’ਤੇ ਦਬਾਅ ਪਾ ਕੇ ਉਸ ਨੂੰ ਮੁਆਫ਼ੀ ਮੰਗਣ ’ਤੇ ਮਜਬੂਰ ਕੀਤਾ ਸੀ। ਆਮ ਆਦਮੀ ਪਾਰਟੀ ਦੇ ਸੰਜੈ ਸਿੰਘ ਨੇ ਕਿਹਾ ਕਿ ਅਮਰੀਕਾ ਤੋਂ ਆਏ ਹਰਿਆਣਾ ਦੇ ਵਿਅਕਤੀਆਂ ਨੂੰ ਪੁਲੀਸ ਵੈਨਾਂ ’ਚ ਕਿਉਂ ਲਿਜਾਇਆ ਗਿਆ। ਜੈਸ਼ੰਕਰ ਨੇ ਕਿਹਾ ਕਿ ਜਿਹੜੇ ਵਿਅਕਤੀ ਨੂੰ ਹਿਰਾਸਤ ’ਚ ਲਿਆ ਜਾਂਦਾ ਹੈ, ਉਸ ਨੂੰ ਸਫ਼ਾਰਤੀ ਰਸਾਈ ਦੀ ਅਪੀਲ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਦੇਸ਼ ਪਰਤੇ ਲੋਕ ਅਮਰੀਕਾ ਕਿਵੇਂ ਗਏ ਅਤੇ ਇਸ ਗ਼ੈਰ-ਕਾਨੂੰਨੀ ਧੰਦੇ ’ਚ ਕੌਣ-ਕੌਣ ਸ਼ਾਮਲ ਹੈ।
ਅਮਰੀਕਾ ’ਚ ਗ਼ੈਰ-ਕਾਨੂੰਨੀ ਢੰਗ ਨਾਲ ਰਹਿੰਦੇ ਭਾਰਤੀਆਂ ਦੀ ਵਾਪਸੀ ਦੇ ਮੁੱਦੇ ’ਤੇ ਅੱਜ ਲੋਕ ਸਭਾ ’ਚ ਵਿਰੋਧੀ ਧਿਰ ਨੇ ਹੰਗਾਮਾ ਕੀਤਾ ਜਿਸ ਕਾਰਨ ਸਦਨ ਦੀ ਕਾਰਵਾਈ ਚਾਰ ਵਾਰ ਮੁਲਤਵੀ ਕਰਨੀ ਪਈ। ਉਂਜ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਜਹਾਜ਼ਾਂ ਰਾਹੀਂ ਭੇਜੇ ਰਾ ਰਹੇ ਭਾਰਤੀਆਂ ਨਾਲ ਦੁਰਵਿਹਾਰ ਨਾ ਕਰਨ ਲਈ ਭਾਰਤ ਵੱਲੋਂ ਟਰੰਪ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਅਮਰੀਕਾ ਤੋਂ ਆਏ ਭਾਰਤੀਆਂ ਦੇ ਬੇੜੀਆਂ ’ਚ ਬੰਨ੍ਹੇ ਹੋਣ ਦਾ ਵਿਰੋਧ ਕੀਤਾ ਅਤੇ ਉਹ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਦੇ ਆਸਣ ਅੱਗੇ ਆ ਗਏ। ਜੈਸ਼ੰਕਰ ਨੇ ਹੰਗਾਮੇ ਦੌਰਾਨ ਹੀ ਬਿਆਨ ਪੜ੍ਹਿਆ। ਕਾਂਗਰਸ ਦੇ ਲੋਕ ਸਭਾ ’ਚ ਉਪ ਨੇਤਾ ਸੌਰਵ ਗੋਗੋਈ ਸਮੇਤ ਹੋਰ ਕਈ ਆਗੂਆਂ ਨੇ ਅਮਰੀਕਾ ਤੋਂ ਪਰਤੇ ਭਾਰਤੀਆਂ ਨਾਲ ਮਾੜੇ ਵਤੀਰੇ ਦੇ ਮੁੱਦੇ ’ਤੇ ਚਰਚਾ ਲਈ ਨੋਟਿਸ ਦਿੱਤੇ ਸਨ। ਜੈਸ਼ੰਕਰ ਦੇ ਬਿਆਨ ਮਗਰੋਂ ਵੀ ਜਦੋਂ ਵਿਰੋਧੀ ਧਿਰਾਂ ਨੇ ਪ੍ਰਦਰਸ਼ਨ ਜਾਰੀ ਰੱਖਿਆ ਤਾਂ ਸਪੀਕਰ ਓਮ ਬਿਰਲਾ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ।
ਅਮਰੀਕਾ: 2009 ਤੋਂ ਹੁਣ ਤੱਕ 15,668 ਗ਼ੈਰ-ਕਾਨੂੰਨੀ ਭਾਰਤੀਆਂ ਦੀ ਵਾਪਸੀ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਕਿ ਅਮਰੀਕਾ ਤੋਂ ਸਾਲ 2009 ਤੋਂ ਹੁਣ ਤੱਕ 15,668 ਗ਼ੈਰ-ਕਾਨੂੰਨੀ ਭਾਰਤੀਆਂ ਦੀ ਵਤਨ ਵਾਪਸੀ ਹੋ ਚੁੱਕੀ ਹੈ। ਰਾਜ ਸਭਾ ’ਚ ਬਿਆਨ ਦਿੰਦਿਆਂ ਉਨ੍ਹਾਂ ਕਿਹਾ ਕਿ ਸਭ ਤੋਂ ਵੱਧ 2,042 ਭਾਰਤੀ 2019 ’ਚ ਮੁਲਕ ਭੇਜੇ ਗਏ ਸਨ। ਸਾਲ 2020 ’ਚ 1,889, 2021 ’ਚ 805, 2022 ’ਚ 862, 2023 ’ਚ 617, 2024 ’ਚ 1,368, 2018 ’ਚ 1,180, 2017 ’ਚ 1,024, 2016 ’ਚ 1,303, 2015 ’ਚ 708 ਅਤੇ 2014 ’ਚ 591 ਭਾਰਤੀ ਵਾਪਸ ਆਏ ਸਨ। ਮੰਤਰੀ ਨੇ ਕਿਹਾ ਕਿ 2009 ’ਚ 734, 2010 ’ਚ 799, 2011 ’ਚ 597, 2012 ’ਚ 530 ਅਤੇ 2013 ’ਚ 515 ਭਾਰਤੀਆਂ ਨੂੰ ਮੁਲਕ ਭੇਜਿਆ ਗਿਆ ਸੀ।
ਡਿਲੀਵਰੀ ਵੇਲੇ ਪਰੇਸ਼ਾਨੀ ਹੋਣ 'ਤੇ ਡਾਕਟਰ ਮਾਂ ਨੂੰ ਬਚਾ ਸਕਦਾ ਜਾਂ ਬੱਚੇ ਨੂੰ? ਜਾਣ ਲਓ ਨਿਯਮ
ਮਹਾਕਾਲ ਮੰਦਰ 'ਚ ਯੋ-ਯੋ ਹਨੀ ਸਿੰਘ ਨੇ ਟੇਕਿਆ ਮੱਥਾ, ਸ਼ਿਵ ਭਗਤੀ 'ਚ ਹੋਏ ਲੀਨ
ਅਜੀਤ ਪਾਲ ਸਿੰਘ ਕੋਹਲੀ ਐਮਐਲਏ ਪਟਿਆਲਾ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਕੰਮ ਮੁਕੰਮਲ ਕਰਵਾਉਣ ਦਾ ਦਿੱਤਾ ਭਰੋਸਾ