‘ਸਕਾਈ ਫੋਰਸ’ ਨੇ ਬੌਕਸ ਆਫਿਸ ’ਤੇ 100 ਕਰੋੜ ਕਮਾਏ
ਨਵੀਂ ਦਿੱਲੀ: ਫਿਲਮ ‘ਸਕਾਈ ਫੋਰਸ’ ਦੇ ਫਿਲਮਕਾਰਾਂ ਨੇ ਸ਼ਨਿਚਰਵਾਰ ਨੂੰ ਖ਼ੁਲਾਸਾ ਕੀਤਾ ਹੈ ਕਿ ਫਿਲਮ ਨੇ ਬੌਕਸ ਆਫਿਸ ’ਤੇ 100 ਕਰੋੜ ਦੀ ਕਮਾਈ ਕੀਤੀ ਹੈ। ਇਸ ਫਿਲਮ ਵਿੱਚ ਅਕਸ਼ੈ ਕੁਮਾਰ ਨੇ ਮੁੱਖ ਭੂਮਿਕਾ ਅਦਾ ਕੀਤੀ ਹੈ, ਜਦੋਂਕਿ ਉਨ੍ਹਾਂ ਨਾਲ ਵੀਰ ਪਹਾੜੀਆ ਨੇ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਅਨਿਲ ਕਪੂਰ ਅਤੇ ਸੰਦੀਪ ਕੇਵਲਾਨੀ ਨੇ ਕੀਤਾ ਹੈ। ਇਸ ਫਿਲਮ ਦਾ ਨਿਰਮਾਣ ਜੀਓ ਫਿਲਮਜ਼ ਅਤੇ ਮਡੌਕ ਫਿਲਮਜ਼ ਨੇ ਕੀਤਾ ਹੈ। ਇਹ ਫਿਲਮ 24 ਜਨਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਨੇ ਹੁਣ ਤਕ 104.3 ਕਰੋੜ ਦੀ ਕਮਾਈ ਕੀਤੀ ਹੈ। ਇਸ ਸਬੰਧੀ ਮਡੌਕ ਫਿਲਮਜ਼ ਨੇ ਸੋਸ਼ਲ ਮੀਡੀਆ ’ਤੇ ‘ਐਕਸ’ ਉੱਪਰ ਪਾਈ ਪੋਸਟ ਵਿੱਚ ਕਿਹਾ ਹੈ ਕਿ ਇਹ ਸੌ ਕਰੋੜ ਕਮਾਉਣ ਵਾਲੀਆਂ ਫਿਲਮਾਂ ’ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਾਲ 2025 ਦੀ ਪਹਿਲੀ ਬਲੌਕਬਾਸਟਰ ਫਿਲਮ ਬਣ ਗਈ ਹੈ। ਉਨ੍ਹਾਂ ਲਿਖਿਆ ਕਿ ਇਹ ਸਭ ਦਰਸ਼ਕਾਂ ਦੇ ਪਿਆਰ ਸਦਕਾ ਹੀ ਸੰਭਵ ਹੋਇਆ ਹੈ। ਮੁਲਕ ਦੇ ਸਾਰਿਆਂ ਤੋਂ ਖ਼ਤਰਨਾਕ ਹਮਲੇ ਦੀ ਕਹਾਣੀ ’ਤੇ ਆਧਾਰਿਤ ਇਸ ਫਿਲਮ ਵਿੱਚ ਸਾਰਾ ਅਲੀ ਖ਼ਾਨ ਅਤੇ ਨਿਮਰਤ ਕੌਰ ਵੀ ਹਨ। ਇਹ ਫਿਲਮ ਭਾਰਤੀ ਫੌ਼ਜ ਦੇ ਅਫ਼ਸਰ ਟੀ. ਵਿਜਯਾ ਦੀ ਕਹਾਣੀ ਹੈ, ਜੋ ਸਾਲ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਲਾਪਤਾ ਹੋ ਜਾਂਦਾ ਹੈ।